ਓਨਟੈਰੀਓ ਦੀ ਮਨੁੱਖੀ ਹੱਕਾਂ ਦੀ ਨਿਯਮਾਵਲੀ (Human Rights Code)
ਓਨਟੈਰੀਓ ਮਨੁੱਖੀ ਹੱਕਾਂ ਦੀ ਨਿਯਮਾਵਲੀ (ਨਿਯਮਾਵਲੀ) ਬਰਾਬਰ ਹੱਕ ਅਤੇ ਮੌਕੇ, ਅਤੇ ਵਿਤਕਰੇ ਤੋਂ ਆਜ਼ਾਦੀ ਮੁਹੱਈਆ ਕਰਦੀ ਹੈ। ਇਹ ਨਿਯਮਾਵਲੀ ਓਨਟੈਰੀਓ ਵਿੱਚ ਹਰੇਕ ਵਿਅਕਤੀ ਦੇ ਸਨਮਾਨ ਅਤੇ ਮੁੱਲ ਨੂੰ ਪਛਾਣਦੀ ਹੈ। ਇਹ ਰੁਜ਼ਗਾਰ, ਰਿਹਾਇਸ਼, ਸਹੂਲਤਾਂ ਅਤੇ ਸੇਵਾਵਾਂ, ਇਕਰਾਰਨਾਮਿਆਂ, ਅਤੇ ਯੂਨਿਅਨਾਂ ਵਿੱਚ ਮੈਂਬਰਸ਼ਿਪਾਂ, ਵਪਾਰਕ ਜਾਂ ਵਿਵਸਾਇਕ ਐਸੋਸਿਏਸ਼ਨਾਂ ਦੇ ਖੇਤਰਾਂ ਤੇ ਲਾਗੂ ਹੁੰਦੀ ਹੈ।
ਇਸਨਿਯਮਾਵਲੀ ਦੇ ਤਹਿਤ, ਹਰੇਕ ਵਿਅਕਤੀ ਨੂੰ ਨਸਲੀ ਵਿਤਕਰੇ ਅਤੇ ਪਰੇਸ਼ਾਨੀ ਤੋਂ ਮੁਕਤ ਹੋਣ ਦਾ ਹੱਕ ਹੈ। ਤੁਹਾਡੇ ਨਾਲ ਤੁਹਾਡੀ ਨਸਲ ਜਾਂ ਦੂਜੇ ਸਬੰਧਤ ਕਾਰਨਾਂ, ਜਿਵੇਂ ਕਿ ਤੁਹਾਡਾ ਖਾਨਦਾਨ, ਰੰਗ, ਮੂਲ ਸਥਾਨ, ਨਸਲੀ ਮੂਲ, ਨਾਗਰਿਕਤਾ ਜਾਂ ਸੰਪਰਦਾ ਦੇ ਕਾਰਨ ਵੱਖਰਾ ਵਿਹਾਰ ਨਹੀਂ ਕੀਤਾ ਜਾਣਾ ਚਾਹੀਦਾ। ਇਹ ਨਿਯਮਾਵਲੀ ਦੇ ਤਹਿਤ ਆਉਂਦੇ ਖੇਤਰਾਂ ਤੇ ਲਾਗੂ ਹੁੰਦੀ ਹੈ ਜਿਵੇਂ ਕਿ ਕੰਮ ਦੇ ਸਥਾਨ ਤੇ, ਸਕੂਲ ਵਿੱਚ, ਕਿਰਾਏ ਦੇ ਮਕਾਨਾਂ ਵਿੱਚ, ਜਾਂ ਸੇਵਾਵਾਂ ਵਿੱਚ। ਸੇਵਾਵਾਂ ਵਿੱਚ ਦੁਕਾਨਾਂ ਅਤੇ ਸ਼ਾਪਿੰਗ ਮਾਲ, ਹੋਟਲ, ਹਸਪਤਾਲ, ਮਨੋਰੰਜਨ ਸਹੂਲਤਾਂ ਅਤੇ ਸਕੂਲਾਂ ਵਰਗੇ ਸਥਾਨ ਸ਼ਾਮਲ ਹਨ।
ਨਸਲਵਾਦ ਅਤੇ ਨਸਲੀ ਵਿਤਕਰਾ
ਕੈਨੇਡਾ ਵਿੱਚ, ਵਿਤਕਰੇ ਵੱਲ ਧਿਆਨ ਦੇਣ ਲਈ ਮਜ਼ਬੂਤ ਮਨੁੱਖੀ ਹੱਕ ਅਤੇ ਪ੍ਰਣਾਲੀਆਂ ਹਨ। ਉਸੇ ਸਮੇਂ ਤੇ, ਸਾਡੀ ਨਸਲਵਾਦ ਦੀ ਵਿਰਾਸਤ ਵੀ ਹੈ - ਖਾਸ ਕਰਕੇ ਆਦਵਾਸੀ ਮੂਲ ਵਾਲੇ ਲੋਕਾਂ ਦੇ ਵਿਰੁੱਧ, ਪਰ ਦੂਜੇ ਸਮੂਹਾਂ ਦੇ ਨਾਲ ਵੀ, ਜਿਨ੍ਹਾਂ ਵਿੱਚ ਅਫ੍ਰੀਕੀ, ਚੀਨੀ, ਜਪਾਨੀ, ਦੱਖਣੀ ਏਸ਼ਿਆਈ, ਯਹੂਦੀ ਅਤੇ ਮੁਸਲਿਮ ਕੈਨੇਡਿਆਈ ਲੋਕ ਸ਼ਾਮਲ ਹਨ। ਇਹ ਵਿਰਾਸਤ ਅੱਜ ਵੀ ਸਾਡੀਆਂ ਪ੍ਰਣਾਲੀਆਂ ਅਤੇ ਢਾਂਚਿਆਂ ਨੂੰ ਪ੍ਰਭਾਵਿਤ ਕਰਦੀ ਹੈ, ਅਤੇ ਨਸਲਵਾਦ ਦਾ ਸ਼ਿਕਾਰ ਹੋਏ ਲੋਕਾਂ ਅਤੇ ਕੈਨੇਡਾ ਵਿਚਲੇ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।
ਓਨਟੈਰੀਓ ਹਿਊਮਨ ਰਾਈਟਸ ਕਮੀਸ਼ਨ ਨਸਲਵਾਦ ਦਾ ਸਾਹਮਣਾ ਕਰ ਰਹੇ ਭਾਈਚਾਰਿਆਂ ਨੂੰ “ਨਸਲਵਾਦ ਦਾ ਸ਼ਿਕਾਰ” ਕਹਿੰਦਾ ਹੈ। ਨਸਲ ਇੱਕ ਸਮਾਜਕ ਰਚਨਾ ਹੈ। ਇਸਦਾ ਅਰਥ ਹੈ ਕਿ ਸਮਾਜ, ਭੂਗੋਲਿਕ, ਇਤਿਹਾਸਕ, ਰਾਜਨੀਤਿਕ, ਆਰਥਿਕ, ਸਮਾਜਕ ਅਤੇ ਸੱਭਿਆਚਾਰਕ ਕਾਰਕਾਂ, ਅਤੇ ਨਾਲ ਹੀ ਸਰੀਰਕ ਵਿਸ਼ੇਸ਼ਤਾਵਾਂ ਦੇ ਅਧਾਰ ਤੇ ਨਸਲ ਦੇ ਵਿਚਾਰ ਬਣਾ ਲੈਂਦਾ ਹੈ, ਭਾਵੇਂ ਇਹਨਾਂ ਵਿੱਚੋਂ ਕਿਸੇ ਨੂੰ ਵੀ ਨਸਲੀ ਉੱਤਮਤਾ ਜਾਂ ਨਸਲੀ ਪੱਖਪਾਤ ਨੂੰ ਸਹੀ ਠਹਿਰਾਉਣ ਲਈ ਨਹੀਂ ਵਰਤਿਆ ਜਾ ਸਕਦਾ।
ਨਸਲਵਾਦ, ਨਸਲੀ ਵਿਤਕਰੇ ਨਾਲੋਂ ਵਧੇਰੇ ਵਿਆਪਕ ਅਨੁਭਵ ਅਤੇ ਵਿਹਾਰ ਹੁੰਦਾ ਹੈ। ਨਸਲਵਾਦ ਇੱਕ ਵਿਚਾਰ ਹੈ ਕਿ ਇੱਕ ਸਮੂਹ ਦੂਜਿਆਂ ਨਾਲੋਂ ਵਧੀਆ ਹੈ। ਨਸਲਵਾਦ ਨੂੰ ਨਸਲੀ ਚੁਟਕਲਿਆਂ, ਤੁਹਮਤਾਂ ਜਾਂ ਨਫਰਤ ਅਧਾਰਤ ਅਪਰਾਧਾਂ ਵਿੱਚ ਖੁੱਲ੍ਹੇ ਤੌਰ ਤੇ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਇਹ ਮਨੋਬਿਰਤੀ, ਕਦਰਾਂ-ਕੀਮਤਾਂ ਅਤੇ ਰੂੜ੍ਹੀਬੱਧ ਵਿਸ਼ਵਾਸ਼ਾਂ ਵਿੱਚ ਬਹੁਤ ਡੂੰਘਾ ਬੈਠਿਆ ਹੁੰਦਾ ਹੈ। ਕੁਝ ਮਾਮਲਿਆਂ ਵਿੱਚ, ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਦੇ ਇਹ ਵਿਸ਼ਵਾਸ ਹਨ। ਇਸਦੀ ਬਜਾਏ, ਇਹ ਧਾਰਨਾਵਾਂ ਹੁੰਦੀਆਂ ਹਨ ਜੋ ਸਮੇਂ ਦੇ ਨਾਲ ਪੈਦਾ ਹੋਈਆਂ ਹਨ ਅਤੇ ਪ੍ਰਣਾਲੀਆਂ ਅਤੇ ਸੰਸਥਾਵਾਂ ਦਾ ਹਿੱਸਾ ਬਣ ਗਈਆਂ ਹਨ, ਅਤੇ ਨਾਲ ਹੀ ਹਾਵੀ ਸਮੂਹ ਦੀਆਂ ਤਾਕਤਾਂ ਅਤੇ ਵਿਸ਼ੇਸ਼ ਅਧਿਕਾਰਾਂ ਨਾਲ ਸਬੰਧਤ ਹੁੰਦੀਆਂ ਹਨ।
ਨਸਲੀ ਵਿਤਕਰਾ, ਨਸਲਵਾਦ ਦਾ ਗੈਰ-ਕਾਨੂੰਨੀ ਪ੍ਰਗਟਾਵਾ ਹੁੰਦਾ ਹੈ। ਇਸ ਵਿੱਚ ਇਰਾਦਤਨ ਜਾਂ ਗੈਰ-ਇਰਾਦਤਨ, ਕੋਈ ਵੀ ਕਾਰਵਾਈ ਸ਼ਾਮਲ ਹੈ, ਜਿਸ ਵਿੱਚ ਵਿਅਕਤੀਆਂ ਨੂੰ ਉਹਨਾਂ ਦੀ ਨਸਲ ਦੇ ਅਧਾਰ ਤੇ ਵੱਖਰਾ ਕਰਨਾ, ਅਤੇ ਦੂਜਿਆਂ ਨੂੰ ਛੱਡ ਕੇ ਉਹਨਾਂ ਤੇ ਬੋਝ ਲੱਦਣਾ, ਜਾਂ ਨਿਯਮਾਵਲੀ ਦੇ ਤਹਿਤ ਆਉਂਦੇ ਖੇਤਰਾਂ ਵਿੱਚ ਸਮਾਜ ਦੇ ਦੂਜੇ ਮੈਂਬਰਾਂ ਲਈ ਉਪਲਬਧ ਲਾਭਾਂ ਤਕ ਪਹੁੰਚ ਨੂੰ ਰੋਕਣਾ ਜਾਂ ਸੀਮਿਤ ਕਰਨਾ ਸ਼ਾਮਲ ਹੈ। ਨਸਲੀ ਵਿਤਕਰਾ ਹੋਣ ਲਈ ਸਥਿਤੀ ਵਿੱਚ ਨਸਲ ਦਾ ਕੇਵਲ ਇੱਕ ਕਾਰਕ ਹੋਣਾ ਹੁੰਦਾ ਹੈ।
ਨਸਲੀ ਪਰੇਸ਼ਾਨੀ, ਵਿਤਕਰੇ ਦਾ ਇੱਕ ਰੂਪ ਹੈ। ਇਸ ਵਿੱਚ ਟਿੱਪਣੀਆਂ, ਚੁਟਕਲੇ, ਭੱਦੇ ਨਾਮ ਲੈਣੇ , ਤੁਹਾਨੂੰ ਬੇਇੱਜ਼ਤ ਕਰਨ ਵਾਲੀਆਂ ਤਸਵੀਰਾਂ ਜਾਂ ਵਿਹਾਰ ਪ੍ਰਦਰਸ਼ਿਤ ਕਰਨਾ, ਤੁਹਾਡੀ ਨਸਲ ਅਤੇ ਇਸ ਨਾਲ ਸਬੰਧਿਤ ਦੂਜੇ ਆਧਾਰਾਂ ਤੇ ਤੁਹਾਨੂੰ ਦੁੱਖ ਪਹੁੰਚਾਉਣਾ ਜਾਂ ਨੀਵਾਂ ਦਿਖਾਉਣਾ ਸ਼ਾਮਲ ਹੈ।
ਨਸਲੀ ਵਿਤਕਰਾ ਅਕਸਰ ਬਹੁਤ ਹਲਕਾ ਹੋ ਸਕਦਾ ਹੈ, ਜਿਵੇਂ ਕਿ ਘੱਟ ਪਸੰਦ ਕੀਤੀਆਂ ਨੌਕਰੀਆਂ ਵਿੱਚ ਲਗਾਉਣਾ, ਜਾਂ ਸਲਾਹ ਅਤੇ ਸਿਖਲਾਈ ਦੇਣ ਤੋਂ ਮਨ੍ਹਾਂ ਕਰਨਾ। ਇਸਦਾ ਇਹ ਵੀ ਮਤਲਬ ਹੋ ਸਕਦਾ ਹੈ ਕਿ ਦੂਜੇ ਕਰਮਚਾਰੀਆਂ ਨਾਲੋਂ ਨੌਕਰੀ ਦੇ ਵੱਖਰੇ ਮਾਨਕਾਂ ਦਾ ਸਾਹਮਣਾ ਕਰਨਾ, ਕੋਈ ਅਪਾਰਟਮੈਂਟ ਦਿੱਤੇ ਜਾਣ ਤੋਂ ਮਨ੍ਹਾਂ ਕਰਨਾ ਕਿਉਂਕਿ ਤੁਸੀਂ ਆਦਿਵਾਸੀ ਵਿਰਾਸਤ ਤੋਂ ਆਏ ਪ੍ਰਤੀਤ ਹੁੰਦੇ ਹੋ, ਜਾਂ ਡ੍ਰਾਈਵਿੰਗ ਕਰਦੇ ਸਮੇਂ ਪੁਲੀਸ ਦੁਆਰਾ ਜਾਂ ਸ਼ੌਪਿੰਗ ਮਾਲ ਵਿੱਚ ਸੁਰੱਖਿਆ ਸਟਾਫ਼ ਦੁਆਰਾ ਪੱਖਪਾਤੀ ਤਰੀਕੇ ਨਾਲ ਜਾਂਚ-ਪੜਤਾਲ ਕੀਤੀ ਜਾਣੀ।
ਪ੍ਰਣਾਲੀਗਤ ਨਸਲੀ ਵਿਤਕਰਾ
ਨਸਲੀ ਵਿਤਕਰਾ ਸੰਸਥਾਗਤ - ਜਾਂ ਪ੍ਰਣਾਲੀਗਤ - ਪੱਧਰ ਤੇ ਹੋ ਸਕਦਾ ਹੈ, ਹਰ ਰੋਜ਼ ਦੇ ਨਿਯਮਾਂ ਅਤੇ ਢਾਂਚਿਆਂ ਤੋਂ ਜੋ ਜਾਣ-ਬੁੱਝ ਕੇ ਵਿਤਕਰਾ ਕਰਨ ਦੇ ਇਰਾਦੇ ਨਾਲ ਤਿਆਰ ਨਹੀਂ ਕੀਤੇ ਗਏ ਹਨ। ਵਿਹਾਰ, ਨੀਤੀਆਂ ਜਾਂ ਵਿਧੀਆਂ ਦੇ ਨਮੂਨੇ, ਜੋ ਕਿਸੇ ਸੰਗਠਨ ਜਾਂ ਪੂਰੇ ਖੇਤਰ ਦੇ ਢਾਂਚਿਆਂ ਦਾ ਹਿੱਸਾ ਹਨ, ਅਤੇ ਨਸਲਵਾਦ ਦੇ ਸ਼ਿਕਾਰ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਹਨ ਜਾਂ ਇਤਿਹਾਸਕ ਮੁਸ਼ਕਲ ਦੀ ਵਿਰਾਸਤ ਦੇ ਜਾਰੀ ਪ੍ਰਭਾਵ ਨੂੰ ਹਟਾਉਣ ਵਿੱਚ ਅਸਫਲ ਰਹਿੰਦੇ ਹਨ। ਇਸਦਾ ਅਰਥ ਹੈ ਭਾਵੇਂ ਤੁਹਾਡਾ ਕੋਈ ਇਰਾਦਾ ਨਹੀਂ ਸੀ, ਤੁਹਾਡੇ "ਕੰਮ ਕਰਨ ਦੇ ਆਮ ਤਰੀਕੇ" ਨੇ ਸ਼ਾਇਦ ਨਸਲਵਾਦ ਦੇ ਸ਼ਿਕਾਰ ਵਿਅਕਤੀਆਂ ਤੇ ਨਕਾਰਾਤਮਕ ਪ੍ਰਭਾਵ ਪਾਇਆ ਹੋਵੇ।
ਉਦਾਹਰਨ: ਸਿੱਖਿਆ ਦੇ ਖੇਤਰ ਵਿੱਚ, ਪ੍ਰਣਾਲੀਗਤ ਵਿਤਕਰੇ ਵਿੱਚ ਹੇਠਾਂ ਦਿੱਤੇ ਸ਼ਾਮਲ ਹੋ ਸਕਦੇ ਹਨ: ਰੂੜ੍ਹੀਵਾਦੀ ਵਿਚਾਰ ਬਣਾਉਣੇ ਜੋ ਨਸਲਵਾਦ ਦੇ ਸ਼ਿਕਾਰ ਵਿਦਿਆਰਥੀਆਂ ਨੂੰ ਅਕਾਦਮਿਕ ਕੋਰਸਾਂ ਦੀ ਬਜਾਏ ਤਕਨੀਕੀ ਕੋਰਸਾਂ ਵਿੱਚ ਭੇਜਦੇ ਹਨ। ਨਾਲ ਹੀ, ਜਦ ਤਰੱਕੀ ਦੇਣ ਲਈ ਵਰਤੇ ਜਾਂਦੇ ਅਭਿਆਸ ਉਨ੍ਹਾਂ ਸੱਭਿਆਚਾਰਕ ਅਤੇ ਸੰਗਠਨਾਤਮਕ ਕਾਰਕਾਂ ਤੇ ਧਿਆਨ ਕੇਂਦ੍ਰਿਤ ਕਰਦੇ ਹਨ, ਜੋ ਗੋਰੇ ਸਿੱਖਿਅਕ ਦੇ ਤਜਰਬਿਆਂ ਤੇ ਅਧਾਰਤ ਹੁੰਦੇ ਹਨ, ਤਾਂ ਨਤੀਜੇ ਵੱਜੋਂ ਅਗਵਾਈ ਵਾਲੀਆਂ ਭੂਮਿਕਾਵਾਂ (ਜਿਵੇਂ ਕਿ ਪ੍ਰਿੰਸੀਪਲ), ਵਿਚ ਨਸਲਵਾਦ ਦੇ ਸ਼ਿਕਾਰ ਲੋਕਾਂ ਦੀ ਸੰਖਿਆ ਘੱਟ ਹੋ ਸਕਦੀ ਹੈ।
ਨਸਲੀ ਵਿਤਕਰੇ ਨੂੰ ਪਛਾਣਨਾ ਅਤੇ ਇਸ ਵੱਲ ਧਿਆਨ ਦੇਣਾ
ਸੰਗਠਨਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਰੀਆਸ਼ੀਲ ਕਦਮ ਚੁੱਕਣੇ ਚਾਹੀਦੇ ਹਨ ਕਿ ਉਹ ਨਸਲੀ ਵਿਤਕਰੇ ਜਾਂ ਪਰੇਸ਼ਾਨੀ ਵਿੱਚ ਹਿੱਸਾ ਨਹੀਂ ਲੈਂਦੇ ਹਨ, ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਦੇ ਹਨ ਜਾਂ ਇਸ ਨੂੰ ਹੋਣ ਨਹੀਂ ਦਿੰਦੇ ਹਨ।
ਸ਼ੁਰੂਆਤ ਕਰਨ ਲਈ ਇੱਕ ਚੰਗਾ ਤਰੀਕਾ ਹੈ ਇੱਕ ਮਜ਼ਬੂਤ ਨਸਲਵਾਦ-ਵਿਰੋਧੀ ਪ੍ਰੋਗਰਾਮ ਬਣਾਉਣਾ ਜੋ ਨਸਲੀ ਵਿਤਕਰੇ ਦੇ ਵਿਅਕਤੀਗਤ ਅਤੇ ਪ੍ਰਣਾਲੀਗਤ ਰੂਪਾਂ ਨੂੰ ਰੋਕਣ ਅਤੇ ਇਸ ਵੱਲ ਧਿਆਨ ਦੇਣ ਵਿੱਚ ਮਦਦ ਕਰੇ। ਇਸ ਵਿੱਚ ਹੇਠਾਂ ਲਿਖੇ ਕੰਮ ਸ਼ਾਮਲ ਹੋ ਸਕਦੇ ਹਨ:
- ਢੁਕਵੇਂ ਹਾਲਾਤ ਵਿੱਚ ਨਸਲ-ਅਧਾਰਤ ਅੰਕੜੇ ਇਕੱਠੇ ਕਰਨੇ
- ਨਸਲ ਅਧਾਰਤ ਇਤਿਹਾਸਕ ਮੁਸ਼ਕਲਾਂ ਵੱਲ ਧਿਆਨ ਦੇਣਾ
- ਨੀਤੀਆਂ, ਅਭਿਆਸਾਂ, ਫੈਸਲਾ ਲੈਣ ਦੀਆਂ ਪ੍ਰਕਿਰਿਆਵਾਂ ਅਤੇ ਕੰਮ ਦੇ ਸਥਾਨ ਦੇ ਮਾਹੌਲ ਦੀ, ਮਾੜੇ ਪ੍ਰਭਾਵ ਲਈ ਸਮੀਖਿਆ ਕਰਨੀ
- ਨਸਲਵਾਦ-ਵਿਰੋਧੀ, ਵਿਤਕਰਾ-ਵਿਰੋਧੀ ਅਤੇ ਪਰੇਸ਼ਾਨੀ-ਵਿਰੋਧੀ ਨੀਤੀਆਂ ਅਤੇ ਸਿੱਖਿਆ ਪ੍ਰੋਗਰਾਮ ਸਥਾਪਿਤ ਕਰਨੇ ਅਤੇ ਲਾਗੂ ਕਰਨੇ।
ਨਸਲਵਾਦ-ਵਿਰੋਧੀ ਪ੍ਰੋਗਰਾਮ, ਸੰਗਠਨਾਂ ਲਈ ਬਰਾਬਰੀ ਅਤੇ ਵਿਭਿੰਨਤਾ ਦੇ ਟੀਚਿਆਂ ਨੂੰ ਉਤਸ਼ਾਹਿਤ ਕਰਨਾ ਵੀ ਆਸਾਨ ਬਣਾਉਂਦਾ ਹੈ, ਅਤੇ ਇਹ ਚੰਗੀ ਕਾਰੋਬਾਰੀ ਸਮਝ ਹੈ।
ਵਧੇਰੇ ਜਾਣਕਾਰੀ ਲਈ
ਓਨਟੈਰੀਓ ਹਿਊਮਨ ਰਾਈਟਸ ਕਮੀਸ਼ਨ ਦੀ ਨਸਲਵਾਦ ਅਤੇ ਨਸਲੀ ਵਿਤਕਰੇ ਤੇ ਨੀਤੀ ਅਤੇ ਸੇਧਾਂ (Policy and Guidelines on Racism and Racial Discrimination) ਅਤੇ ਹੋਰ ਪ੍ਰਕਾਸ਼ਨ www.ohrc.on.ca ਤੇ ਉਪਲਬਧ ਹਨ।
ਕੋਈ ਸ਼ਿਕਾਇਤ - ਜਿਸਨੂੰ ਦਰਖਾਸਤ ਕਿਹਾ ਜਾਂਦਾ ਹੈ - ਕਰਨ ਲਈ ਓਨਟੈਰੀਓ ਦੇ ਹਿਊਮਨ ਰਾਈਟਸ ਟ੍ਰਿਬਿਊਨਲ (Human Rights Tribunal) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-598-0322
TTY ਟੋਲ ਫ਼੍ਰੀ: 1-866-607-1240
ਵੈਬਸਾਈਟ: www.hrto.ca
ਜੇ ਤੁਹਾਨੂੰ ਕਾਨੂੰਨੀ ਮਦਦ ਦੀ ਲੋੜ ਹੈ, ਤਾਂ ਹਿਊਮਨ ਰਾਈਟਸ ਦੇ ਲੀਗਲ ਸਪੋਰਟ ਸੈਂਟਰ (ਕਾਨੂੰਨੀ ਸਹਾਇਤਾ ਕੇਂਦਰ) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-625-5179
TTY ਟੋਲ ਫ਼੍ਰੀ: 1-866-612-8627
ਵੈਬਸਾਈਟ: www.hrlsc.on.ca