ਓਨਟੈਰੀਓ ਦੀਮਨੁੱਖੀ ਹੱਕਾਂ ਦੀ ਨਿਯਮਾਵਲੀ (Human Rights Code)
ਓਨਟੈਰੀਓ ਮਨੁੱਖੀ ਹੱਕਾਂ ਦੀ ਨਿਯਮਾਵਲੀ (ਨਿਯਮਾਵਲੀ) ਵੱਖ-ਵੱਖ ਅਧਾਰਾਂ ਤੇ ਬਰਾਬਰ ਹੱਕ ਅਤੇ ਮੌਕੇ, ਅਤੇ ਵਿਤਕਰੇ ਤੋਂ ਆਜ਼ਾਦੀ ਮੁਹੱਈਆ ਕਰਦੀ ਹੈ। ਇਹ ਨਿਯਮਾਵਲੀ ਓਨਟੈਰੀਓ ਵਿੱਚ, ਰੁਜ਼ਗਾਰ, ਰਿਹਾਇਸ਼, ਸਹੂਲਤਾਂ ਅਤੇ ਸੇਵਾਵਾਂ, ਇਕਰਾਰਨਾਮਿਆਂ, ਅਤੇ ਯੂਨਿਅਨਾਂ ਵਿੱਚ ਮੈਂਬਰਸ਼ਿਪਾਂ, ਵਪਾਰਕ ਜਾਂ ਪੇਸ਼ਾਵਰ ਐਸੋਸਿਏਸ਼ਨਾਂ ਵਿੱਚ ਹਰੇਕ ਵਿਅਕਤੀ ਦੇ ਸਨਮਾਨ ਅਤੇ ਮੁੱਲ ਨੂੰ ਪਛਾਣਦੀ ਹੈ।
ਇਹ ਨਿਯਮਾਵਲੀ ਇਹਨਾਂ ਖੇਤਰਾਂ ਵਿੱਚ ਤੁਹਾਡੇ ਪਰਿਵਾਰਕ ਦਰਜੇ ਦੇ ਅਧਾਰ ਤੇ ਵਿਤਕਰੇ ਤੋਂ ਤੁਹਾਡੀ ਸੁਰੱਖਿਆ ਕਰਦੀ ਹੈ।
ਪਰਿਵਾਰਕ ਦਰਜਾ ਕੀ ਹੁੰਦਾ ਹੈ?
ਨਿਯਮਾਵਲੀ “ਪਰਿਵਾਰਕ ਦਰਜੇ” ਨੂੰ “ਮਾਤਾ/ਪਿਤਾ ਅਤੇ ਬੱਚੇ ਦੇ ਰਿਸ਼ਤੇ ਵਿੱਚ ਹੋਣਾ” ਵੱਜੋਂ ਪਰਿਭਾਸ਼ਿਤ ਕਰਦੀ ਹੈ। ਇਸਦਾ ਇਹ ਵੀ ਮਤਲਬ ਹੋ ਸਕਦਾ ਹੈ ਕਿ ਮਾਤਾ/ਪਿਤਾ ਅਤੇ ਬੱਚਾ "ਕਿਸਮ" ਦਾ ਰਿਸ਼ਤਾ ਹੋਏ, ਜੋ ਹੋ ਸਕਦਾ ਹੈ ਕਿ ਖੂਨ ਜਾਂ ਗੋਦ ਲਏ ਸਬੰਧਾਂ ਤੇ ਅਧਾਰਤ ਨਾ ਹੋਵੇ , ਪਰ ਜੋ ਦੇਖਭਾਲ, ਜੁੰਮੇਵਾਰੀ ਅਤੇ ਵਚਨਬੱਧਤਾ ਤੇ ਅਧਾਰਤ ਹੋਵੇ। ਉਦਾਹਰਨਾਂ ਵਿੱਚ ਬੱਚਿਆਂ ਦੀ ਦੇਖਭਾਲ ਕਰ ਰਹੇ ਮਾਤਾ-ਪਿਤਾ (ਗੋਦ ਲੈ ਕੇ, ਪਾਲਣ-ਪੋਸ਼ਣ ਕਰਕੇ ਜਾਂ ਮਤਰੇਅ ਮਾਤਾ-ਪਿਤਾ ਵੀ ਸ਼ਾਮਲ ਹਨ), ਬਜ਼ੁਰਗ ਮਾਪਿਆਂ ਜਾਂ ਅਸਮਰਥਤਾਵਾਂ ਵਾਲੇ ਰਿਸ਼ਤੇਦਾਰਾਂ ਦੀ ਦੇਖਭਾਲ ਕਰ ਰਹੇ ਲੋਕ, ਅਤੇ ਲੇਸਬਿਅਨ (ਸਮਲਿੰਗੀ ਔਰਤ), ਗੇਅ (ਸਮਲਿੰਗੀ ਪੁਰਸ਼), ਬਾਇਸੈਕਸੁਅਲ (ਦੋਵਾਂ ਲਿੰਗ ਦੇ ਵਿਅਕਤੀਆਂ ਨਾਲ ਜਿਨਸੀ ਸਬੰਧਤ ਬਣਾਉਣ ਵਾਲੇ) ਜਾਂ ਟ੍ਰਾਂਸਜੇਂਡਰ (ਵਿਪਰੀਤ ਲਿੰਗੀ) ਵਿਅਕਤੀ ਦੁਆਰਾ ਚਲਾਏ ਜਾ ਰਹੇ ਪਰਿਵਾਰ ਸ਼ਾਮਲ ਹਨ।
ਵਿਤਕਰੇ ਨੂੰ ਰੋਕਣਾ
ਵਿਤਕਰੇ ਨੂੰ ਰੋਕਣ ਦੇ ਪਹਿਲੇ ਕਦਮ ਦੇ ਰੂਪ ਵਿੱਚ, ਰੁਜ਼ਗਾਰਦਾਤਿਆਂ, ਸੇਵਾ ਪ੍ਰਦਾਨ ਕਰਨ ਵਾਲਿਆਂ, ਮਕਾਨ-ਮਾਲਕਾਂ ਅਤੇ ਜਨਤਾ ਨੂੰ ਪਰਿਵਾਰਕ ਦਰਜੇ ਦੇ ਅਧਾਰ ਤੇ ਮਨੁੱਖੀ ਹੱਕਾਂ ਦੇ ਮੁੱਦਿਆਂ ਨੂੰ ਪਛਾਣਨ ਦੀ ਲੋੜ ਹੈ। ਜੇ ਉਹਨਾਂ ਦੀਆਂ ਲੋੜਾਂ ਨੂੰ ਪਛਾਣਿਆ ਨਹੀਂ ਜਾਂਦਾ ਹੈ ਜਾਂ ਸਮਰਥਨ ਨਹੀਂ ਕੀਤਾ ਜਾਂਦਾ ਹੈ, ਪਰਿਵਾਰਕ ਦੇਖਭਾਲ ਕਰਨ ਵਾਲਿਆਂ ਨੂੰ ਅਕਸਰ ਰਿਹਾਇਸ਼, ਨੌਕਰੀਆਂ ਅਤੇ ਸੇਵਾਵਾਂ ਤਕ ਪਹੁੰਚਦੇ ਸਮੇਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਖਾਸ ਕਰਕੇ ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ, ਜੋ ਸਾਡੇ ਸਮਾਜ ਵਿੱਚ ਜ਼ਿਆਦਾਤਰ ਦੇਖਭਾਲ ਮੁਹੱਈਆ ਕਰਦੀਆਂ ਹਨ, ਅਤੇ ਘੱਟ-ਆਮਦਨੀ ਵਾਲੇ ਪਰਿਵਾਰਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਨ੍ਹਾਂ ਕੋਲ ਹੋ ਸਕਦਾ ਹੈ ਕਿ ਸੁਰੱਖਿਅਤ ਨੌਕਰੀ ਨਾ ਹੋਵੇ ਅਤੇ ਉਹਨਾਂ ਨੂੰ ਸਹੀ ਮੁੱਲ ਤੇ ਦੇਖਭਾਲ ਸੇਵਾਵਾਂ ਜਾਂ ਰਿਹਾਇਸ਼ ਹਾਸਲ ਕਰਨ ਵਿੱਚ ਮੁਸ਼ਕਲ ਆਉਂਦੀ ਹੋਵੇ।
ਸਾਡੀਆਂ ਜ਼ਿੰਦਗੀਆਂ ਵਿੱਚ ਕਿਸੇ ਸਮੇਂ ਤੇ, ਸਾਡੇ ਵਿੱਚੋਂ ਜ਼ਿਆਦਾਤਰ ਨੂੰ ਦੇਖਭਾਲ ਮੁਹੱਈਆ ਕਰਵਾਉਣ ਜਾਂ ਪ੍ਰਾਪਤ ਕਰਨ ਦੀ ਲੋੜ ਹੋਵੇਗੀ, ਅਤੇ ਸਾਡੇ ਪਰਿਵਾਰਕ ਦਰਜੇ ਦੇ ਹੱਕਾਂ ਲਈ ਅਨੁਕੂਲਤਾ ਤਬਦੀਲੀ ਕੀਤੇ ਜਾਣ ਦੀ ਲੋੜ ਹੋਵੇਗੀ।
ਪਰਿਵਾਰਕ ਦੇਖਭਾਲ ਕਰਨ ਵਾਲਿਆਂ ਦੀ ਵੀ ਸਮਰਥਤਾ, ਵਿਵਾਹਕ ਸਥਿਤੀ, ਲਿੰਗ (ਗਰਭ-ਅਵਸਥਾ, ਛਾਤੀ ਦਾ ਦੁੱਧ ਚੁੰਘਾਉਣਾ, ਲਿੰਗੀ ਪਛਾਣ), ਲਿੰਗਿਕ ਝੁਕਾਅ, ਨਸਲ, ਰੰਗ, ਖਾਨਦਾਨ, ਧਰਮ, ਉਮਰ ਅਤੇ ਸਮਾਜਕ ਸਹਾਇਤਾ ਦੀ ਪ੍ਰਾਪਤੀ (ਰਿਹਾਇਸ਼ ਵਿੱਚ) ਸਮੇਤ ਨਿਯਮਾਵਲੀ ਦੇ ਦੂਜੇ ਅਧਾਰਾਂ ਨਾਲ ਸਬੰਧਤ ਵਿਤਕਰੇ ਅਤੇ ਪਰੇਸ਼ਾਨੀ ਤੋਂ ਸੁਰੱਖਿਆ ਕੀਤੀ ਜਾਂਦੀ ਹੈ। ਜੇ ਦੇਖਭਾਲ ਕਰਨ ਵਾਲਾ ਸਿਰਫ਼ ਅਜਿਹੇ ਵਿਅਕਤੀ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਇਹਨਾਂ ਵਿੱਚੋਂ ਕਿਸੇ ਇੱਕ ਅਧਾਰ ਤੇ ਪਛਾਣਿਆ ਜਾਂਦਾ ਹੈ ਤਾਂ ਵੀ ਇਹ ਸੁਰੱਖਿਆ ਲਾਗੂ ਹੁੰਦੀ ਹੈ ।
ਇੱਕ ਉਦਾਹਰਨ ਇਹ ਹੋ ਸਕਦੀ ਹੈ ਕਿ ਕਿ ਵਿਅਕਤੀ, ਜੋ ਕਿਸੇ ਅਜਿਹੇ ਰਿਸ਼ਤੇਦਾਰ ਦੇ ਨਾਲ ਰਹਿੰਦਾ ਹੈ, ਅਤੇ ਉਸਦੀ ਦੇਖਭਾਲ ਕਰਦਾ ਹੈ ਜਿਸਨੂੰ ਤੁਰਨ-ਫਿਰਨ ਸਬੰਧੀ ਅਸਮਰਥਤਾ ਹੈ। ਉਸ ਨੂੰ ਇੱਕ ਮਕਾਨ-ਮਾਲਕ ਮਕਾਨ ਦੇਣ ਤੋਂ ਮਨ੍ਹਾਂ ਕਰ ਦਿੰਦਾ ਹੈ ਜੋ ਸੋਚਦਾ ਹੈ ਕਿ ਉਹ ਅਪਾਰਟਮੈਂਟ ਵਿੱਚ ਪਹੁੰਚਯੋਗਤਾ ਸਬੰਧੀ ਸੁਧਾਰ ਦੀ ਮੰਗ ਕਰ ਸਕਦੇ ਹਨ। ਦੇਖਭਾਲ ਕਰਨ ਵਾਲਾ ਵਿਅਕਤੀ ਅਸਮਰਥਤਾ ਵਾਲੇ ਵਿਅਕਤੀ ਦੇ ਨਾਲ ਆਪਣੇ ਸਬੰਧ ਦੇ ਅਧਾਰ ਤੇ ਵਿਤਕਰੇ ਦੀ ਸ਼ਿਕਾਇਤ ਦਾਇਰ ਕਰਦਾ ਹੈ।
ਪਰਿਵਾਰਕ ਦਰਜੇ (ਅਤੇ ਦੂਜੇ ਕਾਰਨਾਂ) ਦੇ ਅਧਾਰ ਤੇ ਮਨੁੱਖੀ ਹੱਕਾਂ ਸਬੰਧੀ ਮਾਮਲਿਆਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀਆਂ ਕੁਝ ਹੋਰ ਉਦਾਹਰਨਾਂ ਹਨ:
- ਇੱਕ ਮਾਂ ਜਿਸ ਨੂੰ ਰਹਿਣ ਦੀ ਜਗ੍ਹਾ ਨਹੀਂ ਮਿਲਦੀ, ਕਿਉਂਕਿ ਮਕਾਨ-ਮਾਲਕ ਬੱਚਿਆਂ ਵਾਲੀ ਇਕੱਲੀ ਮਾਂ ਨੂੰ ਮਕਾਨ ਕਿਰਾਏ ਤੇ ਨਹੀਂ ਦਿੰਦੇ ਹਨ
- ਅਸਮਰਥਤਾ ਵਾਲੇ ਬੱਚੇ ਦਾ ਪਿਤਾ ਜਿਸਦੀ ਇਸ ਕਰਕੇ ਨੌਕਰੀ ਚਲੀ ਜਾਂਦੀ ਹੈ ਕਿਉਂਕਿ ਉਸਦਾ ਮੈਨੇਜਰ, ਕੰਮਕਾਜੀ ਸਮਿਆਂ ਦੌਰਾਨ ਆਪਣੇ ਬੱਚੇ ਨੂੰ ਡਾਕਟਰੀ ਮੁਲਾਕਾਤਾਂ ਤੇ ਲਿਜਾਉਣ ਵਾਸਤੇ ਕੰਮਕਾਰ ਦੇ ਸਮਿਆਂ ਵਿਚ ਲੋਚਸ਼ੀਲਤਾ ਮੁਹੱਈਆ ਨਹੀਂ ਕਰਦਾ ਹੈ
- ਇੱਕ ਔਰਤ ਨੂੰ ਤਰੱਕੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਕਿਉਂਕਿ ਉਸਦਾ ਮੈਨੇਜਰ ਸੋਚਦਾ ਸੀ ਕਿ ਮਾਵਾਂ ਆਪਣੇ ਕੰਮ ਬਾਰੇ ਵਚਨਬੱਧ ਨਹੀਂ ਹੁੰਦੀਆਂ ਹਨ
- ਕੋਈ ਬੱਚਾ, ਜਿਸਦੇ ਮਾਤਾ-ਪਿਤਾ ਉਸਦੀ ਨਿਗਰਾਨੀ ਨੂੰ ਆਪਸ ਵਿੱਚ ਵੰਡਦੇ ਹਨ, ਅਤੇ ਉਸ ਨੂੰ ਸਕੂਲ ਬੱਸ ਦੀ ਲਚੀਲੀ ਸੇਵਾ ਦੀ ਲੋੜ ਹੈ
- ਇੱਕ ਵੱਡਾ ਇਮੀਗ੍ਰੈਂਟ ਪਰਿਵਾਰ, ਆਪਣੇ ਪਰਿਵਾਰ ਵਿੱਚ ਲੋਕਾਂ ਦੀ ਸੰਖਿਆ ਦੇ ਕਾਰਨ ਰਹਿਣ ਦੀ ਜਗ੍ਹਾ ਨਾਲ ਸਬੰਧਤ ਰੁਕਾਵਟਾਂ ਦਾ ਸਾਹਮਣਾ ਕਰ ਰਿਹਾ ਹੈ
- ਇੱਕ ਪਰਿਵਾਰ ਨੂੰ ਰਹਿਣ ਦੀ ਜਗ੍ਹਾ ਤੋਂ ਮਨ੍ਹਾਂ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਦੀ ਉਮਰ ਘੱਟ ਹੈ ਅਤੇ ਉਹ ਸਮਾਜਕ ਸਹਾਇਤਾ ਤੇ ਨਾਲ ਨਿਰਬਾਹ ਕਰ ਰਹੇ ਹਨ
- ਕੋਈ ਗੇਅ (ਸਮਲਿੰਗੀ ਪੁਰਸ਼) ਜਾਂ ਲੇਸਬਿਅਨ (ਸਮਲਿੰਗੀ ਔਰਤ) ਦੇਖਭਾਲ ਕਰਨ ਵਾਲਾ ਵਿਅਕਤੀ ਜਿਸ ਨੂੰ ਹਸਪਤਾਲ ਵਿੱਚ ਸਾਥੀ ਦੇ ਬੱਚੇ ਜਾਂ ਮਤਾ/ਪਿਤਾ ਨੂੰ ਮਿਲਣ ਜਾਣ ਦੇ ਹੱਕ ਤੋਂ ਰੋਕਿਆ ਜਾਂਦਾ ਹੈ, ਜਾਂ ਜਿਸ ਨੂੰ ਉਸ ਵਿਅਕਤੀ ਦੀ ਦੇਖਭਾਲ ਕਰਨ ਲਈ ਕੰਮ ਤੋਂ ਛੁੱਟੀ ਚਾਹੀਦੀ ਹੈ।
ਰੁਜ਼ਗਾਰ ਅਤੇ ਪਰਿਵਾਰਕ ਦਰਜਾ
ਮਾਤਾ/ਪਿਤਾ-ਬੱਚੇ ਦੇ ਰਿਸ਼ਤੇ ਵਿਚਲੇ ਵਿਅਕਤੀਆਂ ਨੂੰ ਕੰਮ ਦੇ ਸਥਾਨ ਤੇ ਬਰਾਬਰ ਵਿਹਾਰ ਕੀਤੇ ਜਾਂ ਦਾ ਹੱਕ ਹੈ। ਰੁਜ਼ਗਾਰਦਾਤੇ, ਨੌਕਰੀ ਤੇ ਰੱਖਣ, ਤਰੱਕੀ, ਸਿਖਲਾਈ, ਬੈਨਿਫ਼ਿਟ, ਕੰਮ ਦੇ ਸਥਾਨ ਦੀਆਂ ਹਾਲਤਾਂ ਜਾਂ ਨੌਕਰੀ ਤੋਂ ਕੱਢਣ ਵਿੱਚ ਇਸ ਕਾਰਨ ਕਿਸੇ ਵਿਅਕਤੀ ਨਾਲ ਵਿਤਕਰਾ ਨਹੀਂ ਕਰ ਸਕਦੇ ਹਨ ਕਿਉਂਕਿ ਉਹ ਵਿਅਕਤੀ ਪਰਿਵਾਰ ਦੇ ਕਿਸੇ ਮੈਂਬਰ ਦੀ ਦੇਖਭਾਲ ਕਰ ਰਿਹਾ ਹੈ।
ਪਰਿਵਾਰਕ ਦੇਖਭਾਲ ਮੁਹੱਈਆ ਕਰਨ ਵਾਲੇ ਵਿਅਕਤੀਆਂ ਨੂੰ ਗਲਤੀ ਨਾਲ , ਦੂਜਿਆਂ ਨਾਲੋਂ ਘੱਟ ਕਾਬਲ, ਵਚਨਬੱਧ ਜਾਂ ਅਭਿਲਾਸ਼ੀ ਸਮਝਿਆ ਜਾ ਸਕਦਾ ਹੈ - ਅਕਸਰ ਲਿੰਗ ਬਾਰੇ ਰੂੜ੍ਹੀਵਾਦੀ ਵਿਚਾਰਾਂ ਦੇ ਕਾਰਨ - ਅਤੇ ਸ਼ਾਇਦ ਉਨ੍ਹਾਂ ਨੂੰ ਤਰੱਕੀਆਂ ਦੇਣ ਸਮੇਂ, ਸਿੱਖਣ ਦੇ ਮੌਕਿਆਂ ਅਤੇ ਮਾਨਤਾ ਦੇਣ ਵੇਲੇ ਅਣਗੌਲਿਆ ਜਾ ਸਕਦਾ ਹੈ। ਜਿੱਥੇ ਕੰਮ ਦੇ ਸਥਾਨ ਦਾ ਢਾਂਚਾ, ਨੀਤੀਆਂ, ਪ੍ਰਕਿਰਿਆਵਾਂ ਜਾਂ ਸੱਭਿਆਚਾਰ, ਦੇਖਭਾਲ ਦੀਆਂ ਜੁੰਮੇਵਾਰੀਆਂ ਵਾਲੇ ਵਿਅਕਤੀਆਂ ਨੂੰ ਬਾਹਰ ਕਰਦੇ ਹਨ ਜਾਂ ਉਹਨਾਂ ਲਈ ਮੁਸ਼ਕਲ ਪੇਸ਼ ਕਰਦੇ ਹਨ, ਉੱਥੇ ਇਹਨਾਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਤਬਦੀਲੀਆਂ ਕਰਨ ਦੀ ਕਾਨੂੰਨੀ ਜੁੰਮੇਵਾਰੀ ਰੁਜ਼ਗਾਰਦਾਤਿਆਂ ਦੀ ਹੁੰਦੀ ਹੈ। ਇਸ ਨੂੰ ਅਨੁਕੂਲਤਾ ਤਬਦੀਲੀ ਕਰਨ ਦਾ ਫਰਜ਼ ਕਿਹਾ ਜਾਂਦਾ ਹੈ।
ਅਨੁਕੂਲਤਾ ਤਬਦੀਲੀ ਦੀਆਂ ਕੁਝ ਉਦਾਹਰਨਾਂ ਵਿੱਚ ਇਹ ਸ਼ਾਮਲ ਹਨ:
- ਲਚਕਦਾਰ ਸਮਾਂ-ਸਾਰਣੀ ਮੁਹੱਈਆ ਕਰਨੀ
- ਪਰਿਵਾਰ ਦੇ ਕਿਸੇ ਬਜ਼ੁਰਗ, ਬਿਮਾਰ ਜਾਂ ਅਸਮਰਥਤਾ ਵਾਲੇ ਮੈਂਬਰ ਦੀ ਦੇਖਭਾਲ ਕਰਨ ਲਈ ਕਰਮਚਾਰੀਆਂ ਨੂੰ ਗੈਰ ਹਾਜ਼ਰੀ ਛੁੱਟੀ ਲੈਣ ਦੀ ਇਜਾਜ਼ਤ ਦੇਣੀ
- ਕੰਮ ਦੇ ਵਿਕਲਪਕ ਪ੍ਰਬੰਧਾਂ ਦੀ ਇਜਾਜ਼ਤ ਦੇਣੀ।
ਲਚਕਦਾਰ ਅਤੇ ਸਭ ਨੂੰ ਸ਼ਾਮਲ ਕਰਨ ਵਾਲਾ ਕੰਮ ਦਾ ਸਥਾਨ ਬਣਾਉਣ ਨਾਲ ਸਾਰੇ ਕਰਮਚਾਰੀਆਂ ਨੂੰ ਫਾਇਦਾ ਪਹੁੰਚਦਾ ਹੈ, ਅਤੇ ਇਹ ਰੁਜ਼ਗਾਰਦਾਤਿਆਂ ਨੂੰ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ, ਨੌਕਰੀ ਤੇ ਬਣਾਏ ਰੱਖਣ ਅਤੇ ਸੰਭਵ ਹੋ ਸਕਣ ਵਾਲਾ ਸਭ ਤੋਂ ਵਧੀਆ ਪ੍ਰਦਰਸ਼ਨ ਹਾਸਲ ਕਰਨ ਵਿੱਚ ਮਦਦ ਕਰ ਸਕਦਾ ਹੈ।
ਰਿਹਾਇਸ਼ ਅਤੇ ਪਰਿਵਾਰਕ ਦਰਜਾ
ਨਿਯਮਾਵਲੀ ਰਿਹਾਇਸ਼ ਮੁਹੱਈਆ ਕਰਨ ਵਾਲਿਆਂ ਨੂੰ ਬੱਚਿਆਂ ਵਾਲੇ ਪਰਿਵਾਰਾਂ ਜਾਂ ਦੇਖਭਾਲ ਕਰਨ ਵਿਚ ਸ਼ਾਮਿਲ ਹੋਰ ਭੂਮਿਕਾਵਾਂ ਵਾਲੇ ਲੋਕਾਂ ਨਾਲ ਵਿਤਕਰਾ ਕਰਨ ਤੋਂ ਵਰਜਦੀ ਹੈ। ਇਹ ਮਕਾਨ ਕਿਰਾਏ ਤੇ ਦੇਣ, ਮਕਾਨ ਖਾਲੀ ਕਰਾਉਣ, ਇਮਾਰਤਾਂ ਦੇ ਨਿਯਮ ਅਤੇ ਵਿਨਿਯਮ, ਮੁਰੰਮਤਾਂ, ਅਤੇ ਸੇਵਾਵਾਂ ਅਤੇ ਸਹੂਲਤਾਂ ਦੀ ਵਰਤੋਂ ਤੇ ਲਾਗੂ ਹੁੰਦਾ ਹੈ।
ਮਕਾਨ-ਮਾਲਕ ਬੱਚਿਆਂ ਵਾਲੇ ਪਰਿਵਾਰਾਂ ਦੀਆਂ ਦਰਖਾਸਤਾਂ ਨੂੰ ਇਸ ਕਰਕੇ ਰੱਦ ਨਹੀਂ ਕਰ ਸਕਦੇ ਜਾਂ ਰੋਕ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਬੱਚੇ ਸ਼ੋਰ ਮਚਾਉਂਦੇ ਹਨ ਜਾਂ ਉਹ ਇਮਾਰਤ ਨੂੰ ਨੁਕਸਾਨ ਪਹੁੰਚਾਉਣਗੇ, ਉਦਾਹਰਨ ਲਈ "ਸ਼ਾਂਤ ਇਮਾਰਤ", "ਆਵਾਜ਼ ਰੋਧੀ ਨਹੀਂ", ਜਾਂ "ਬਾਲਗ ਜੀਵਨਸ਼ੈਲੀ" ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ। ਜਦ ਕਿ ਮਾਪਿਆਂ ਤੋਂ ਆਪਣੇ ਬੱਚਿਆਂ ਦੇ ਸ਼ੋਰ ਤੇ ਕਾਬੂ ਰੱਖਣ ਅਤੇ ਚੰਗੇ ਗੁਆਂਢੀ ਬਣਨ ਦੀ ਉਮੀਦ ਕੀਤੀ ਜਾਂਦੀ ਹੈ, ਪਰਿਵਾਰਾਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਆਮ ਸ਼ੋਰ ਦੇ ਕਾਰਨ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ ਜਾਂ ਉਨ੍ਹਾਂ ਤੋਂ ਮਕਾਨ ਖਾਲੀ ਨਹੀਂ ਕਰਵਾਇਆ ਜਾ ਸਕਦਾ। ਕਿਰਾਏ ਸਬੰਧੀ ਦੂਜੀਆਂ ਨੀਤੀਆਂ ਜੋ ਬੱਚਿਆਂ ਵਾਲੇ ਪਰਿਵਾਰਾਂ ਲਈ ਰੁਕਾਵਟਾਂ ਪੈਦਾ ਕਰਦੀਆਂ ਹਨ, ਅਤੇ ਜਿਨ੍ਹਾਂ ਦੀ ਇਸ ਨਿਯਮਾਵਲੀ ਦੇ ਤਹਿਤ ਮਨਾਹੀ ਹੈ, ਵਿੱਚ ਸ਼ਾਮਲ ਹਨ:
- ਰਿਹਾਇਸ਼ ਬਾਰੇ ਮਨ-ਮਰਜ਼ੀ ਨਾਲ ਤਿਆਰ ਕੀਤੇ ਮਿਆਰ, ਜਿਵੇਂ ਕਿ ਇੱਕ ਮਕਾਨ ਵਿੱਚ ਕਿੰਨੇ ਬੱਚੇ ਰਹਿ ਸਕਦੇ ਹਨ
- ਨੀਤੀਆਂ ਜੋ ਪਰਿਵਾਰਾਂ ਦੀਆਂ ਲੋੜਾਂ ਬਦਲਣ ਤੇ ਉਹਨਾਂ ਨੂੰ ਦੂਜੇ ਅਪਾਰਟਮੈਂਟਾਂ ਵਿੱਚ ਟ੍ਰਾਂਸਫਰ ਕਰਨ ਦੀ ਇਜਾਜ਼ਤ ਨਹੀਂ ਦਿੰਦੀਆਂ ਹਨ
- ਮਨੋਰੰਜਨ ਜਾਂ ਸਾਂਝੇ ਖੇਤਰਾਂ ਤਕ ਬੱਚਿਆਂ ਦੀ ਪਹੁੰਚ ਤੇ ਪ੍ਰਤੀਬੰਧ।
ਮਕਾਨ-ਮਾਲਕ ਅਤੇ ਦੂਜੇ ਕਿਰਾਏਦਾਰਾਂ ਨੂੰ ਕਿਸੇ ਵੀ ਕਿਰਾਏਦਾਰ (ਜਾਂ ਕਿਰਾਏ ਲਈ ਦਰਖਾਸਤ ਦੇ ਰਹੇ ਵਿਅਕਤੀ) ਨਾਲ ਇਸ ਕਰਕੇ ਵਿਤਕਰਾ ਨਹੀਂ ਕਰਨਾ ਚਾਹੀਦਾ ਕਿ ਉਹ ਦੇਖਭਾਲ ਕਰ ਰਹੇ ਹਨ ਜਾਂ ਪ੍ਰਾਪਤ ਕਰ ਰਹੇ ਹਨ। ਕੋਈ ਪਾਰਟ-ਟਾਈਮ ਮਾਤਾ/ਪਿਤਾ, ਕੋਈ ਇਕੱਲਾ ਮਾਤਾ/ਪਿਤਾ, ਗਰਭਵਤੀ ਮਾਂ, ਸਮਾਜਕ ਸਹਾਇਤਾ ਪ੍ਰਾਪਤ ਕਰ ਰਹੇ ਪਰਿਵਾਰਾਂ ਅਤੇ ਅਸਮਰਥ, ਬਜ਼ੁਰਗ, ਲੇਸਬਿਅਨ (ਸਮਲਿੰਗੀ ਔਰਤ), ਗੇਅ (ਸਮਲਿੰਗੀ ਪੁਰਸ਼) ਜਾਂ ਨਸਲੀ ਮੈਂਬਰਾਂ ਵਾਲੇ ਪਰਿਵਾਰਾਂ ਨੂੰ ਰਿਹਾਇਸ਼ ਦੇ ਮੌਕਿਆਂ ਅਤੇ ਮਨੋਰੰਜਨ ਤਕ ਬਰਾਬਰ ਪਹੁੰਚ ਦਾ ਹੱਕ ਹੈ।
ਮਕਾਨ-ਮਾਲਕਾਂ ਮਾਲਕਾਂ ਲਈ ਜ਼ਰੂਰੀ ਹੈ ਕਿ ਉਹ:
- ਕਿਰਾਏਦਾਰਾਂ ਨੂੰ ਬਿਨਾਂ ਪੱਖਪਾਤ ਦੇ ਚੁਣਨ
- ਸਭ ਕਿਸਮ ਦੇ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲੇ ਸਬੰਧਾਂ ਦੀਆਂ ਅਨੁਕੂਲਤਾ ਤਬਦੀਲੀ ਦੀਆਂ ਲੋੜਾਂ ਦਾ ਸਮਰਥਨ ਕਰਨ
- ਰੁਕਾਵਟਾਂ ਨੂੰ ਹਟਾਉਣ
- ਸਰਗਰਮ ਤਰੀਕੇ ਨਾਲ ਯਕੀਨੀ ਬਣਾਉਣ ਕਿ ਕਿਰਾਏਦਾਰਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਂਦਾ ਹੈ।
ਇਹਨਾਂ ਲੋੜਾਂ ਨੂੰ ਪੂਰਾ ਕਰਨ ਅਤੇ ਮਨੁੱਖੀ ਹੱਕਾਂ ਦੀ ਸੁਰੱਖਿਆ ਕਰਨ ਲਈ ਨੀਤੀਆਂ ਅਤੇ ਨਾਲ ਹੀ ਸਹੂਲਤਾਂ ਅਤੇ ਢਾਂਚਿਆਂ ਵਿੱਚ ਤਬਦੀਲੀਆਂ ਕਰਨ ਦੀ ਲੋੜ ਹੋ ਸਕਦੀ ਹੈ।
ਸੇਵਾਵਾਂ ਅਤੇ ਪਰਿਵਾਰਕ ਦਰਜਾ
ਸੇਵਾਵਾਂ ਅਤੇ ਸਹੂਲਤਾਂ ਦੀ ਵਰਤੋਂ ਕਰਦੇ ਸਮੇਂ ਵਿਅਕਤੀ ਆਪਣੇ ਪਰਿਵਾਰਕ ਦਰਜੇ ਦੇ ਕਾਰਨ ਰੁਕਾਵਟਾਂ ਅਤੇ ਵਿਤਕਰੇ ਦਾ ਸਾਹਮਣਾ ਕਰ ਸਕਦੇ ਹਨ। ਸੇਵਾ ਮੁਹੱਈਆ ਕਰਨ ਵਾਲਿਆਂ ਨੂੰ, ਦੇਖਭਾਲ ਕਰਨ ਵਾਲਿਆਂ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਖਾਸ ਲੋੜਾਂ ਨੂੰ ਪਛਾਣਨ ਅਤੇ ਉਹਨਾਂ ਲਈ ਅਨੁਕੂਲਤਾ ਤਬਦੀਲੀ ਕਰਨ ਦੀ ਲੋੜ ਹੁੰਦੀ ਹੈ। ਇਹ ਰੇਸਟੋਰੈਂਟਾਂ, ਦੁਕਾਨਾਂ, ਹੋਟਲਾਂ ਅਤੇ ਫਿਲਮ ਥਿਏਟਰਾਂ ਵਰਗੇ ਖੇਤਰਾਂ ਤੇ ਲਾਗੂ ਹੁੰਦਾ ਹੈ। ਇਹ ਸੇਵਾਵਾਂ, ਆਵਾਜਾਈ, ਮਨੋਰੰਜਨ, ਸਮਾਜਕ ਸੇਵਾਵਾਂ ਅਤੇ ਹੋਰ ਸੇਵਾਵਾਂ ਤੇ ਵੀ ਲਾਗੂ ਹੁੰਦਾ ਹੈ।
ਪਰਿਵਾਰਕ ਦਰਜੇ ਲਈ ਅਨੁਕੂਲਤਾ ਤਬਦੀਲੀਆਂ ਦੀਆਂ ਉਦਾਹਰਨਾਂ ਵਿੱਚ ਸ਼ਾਮਲ ਹਨ:
- ਬੱਚੇ ਅਤੇ ਸਟ੍ਰੋਲਰ ਲਈ ਅਨੁਕੂਲ ਸਹੂਲਤਾਂ
- ਸਵਿੰਮਿੰਗ ਪੂਲ ਅਤੇ ਦੂਜੀਆਂ ਮਨੋਰੰਜਨ ਦੀਆਂ ਸਹੂਲਤਾਂ ਵਾਲੀਆਂ ਥਾਵਾਂ ਦੀ ਸਮਾਂ-ਸਾਰਣੀਆਂ ਨੂੰ ਉਦੇਸ਼ ਦੇ ਅਧਾਰ ਤੇ ਬਣਾਉਣਾ, ਨਾ ਕਿ ਉਮਰ ਦੇ ਅਧਾਰ ਤੇ
- ਰੇਸਟੋਰੈਂਟ ਅੰਦਰ ਜਾਣ ਦੀਆਂ ਨੀਤੀਆਂ
- ਵਿਦਿਆਰਥੀ ਦੀ ਪੜ੍ਹਾਈ ਦੇ ਲਚਕਦਾਰ ਪ੍ਰੋਗਰਾਮ
- ਸਭ ਨੂੰ ਸ਼ਾਮਲ ਕਰਨ ਵਾਲੇ ਹਸਪਤਾਲ ਦੀਆਂ ਮੁਲਾਕਾਤਾਂ ਦੇ ਨਿਯਮ।
ਵਿਅਕਤੀਆਂ ਦੇ ਪਰਿਵਾਰਕ ਦਰਜੇ ਤੇ ਅਧਾਰਤ ਵਿਸ਼ੇਸ਼ ਪ੍ਰੋਗਰਾਮਾਂ ਦੀ ਇਜਾਜ਼ਤ ਹੈ ਜੇ ਇਹ ਪ੍ਰੋਗ੍ਰਾਮ ਮੁਸ਼ਕਲ ਨੂੰ ਦੂਰ ਕਰਨ ਜਾਂ ਬਰਾਬਰ ਮੌਕੇ ਨੂੰ ਉਤਸ਼ਾਹਿਤ ਕਰਨ ਲਈ ਸਥਾਪਿਤ ਕੀਤੇ ਜਾਂਦੇ ਹਨ।
ਅਨੁਕੂਲਤਾ ਤਬਦੀਲੀ ਕਰਨ ਦਾ ਫਰਜ਼
ਵਿਅਕਤੀ ਦੇ ਪਰਿਵਾਰਕ ਦਰਜੇ ਦੇ ਅਧਾਰ ਤੇ ਨਿਯਮਾਵਲੀ ਦੇ ਤਹਿਤ, ਰੁਜ਼ਗਾਰਦਾਤਿਆਂ, ਯੂਨੀਅਨਾਂ, ਮਕਾਨ-ਮਾਲਕਾਂ ਅਤੇ ਸੇਵਾ ਮੁਹੱਈਆ ਕਰਨ ਵਾਲਿਆਂ, ਸਾਰਿਆਂ ਲਈ ਅਨੁਕੂਲਤਾ ਤਬਦੀਲੀ ਕਰਨਾ ਕਾਨੂੰਨੀ ਫਰਜ਼ ਹੁੰਦਾ ਹੈ। ਇਸਦਾ ਟੀਚਾ ਹੈ ਕਰਮਚਾਰੀਆਂ, ਕਿਰਾਏਦਾਰਾਂ, ਗਾਹਕਾਂ ਅਤੇ ਮੁਵੱਕਿਲਾਂ ਨੂੰ ਕੰਮ ਦੇ ਸਥਾਨ, ਰਿਹਾਇਸ਼, ਸਹੂਲਤਾਂ ਅਤੇ ਸੇਵਾਵਾਂ ਤੋਂ, ਉਸ ਹੱਦ ਤੱਕ ਬਰਾਬਰ ਫਾਇਦਾ ਅਤੇ ਭਾਗੀਦਾਰੀ ਮਿਲੇ ਜਿਥੇ ਤੱਕ ਬੇਲੋੜੀ ਮੁਸ਼ਕਲ ਨਾ ਪੈਦਾ ਹੁੰਦੀ ਹੋਏ। ਇਹ ਇੱਕ ਕਾਨੂੰਨੀ ਜਾਂਚ ਹੈ ਅਤੇ ਰੁਜ਼ਗਾਰਦਾਤੇ, ਯੂਨੀਅਨ, ਮਕਾਨ-ਮਾਲਕ ਜਾਂ ਸੇਵਾ ਪ੍ਰਦਾਤਾ ਨੂੰ ਇਹ ਸਾਬਤ ਕਰਨ ਦੀ ਲੋੜ ਹੋਵੇਗੀ ਕਿ ਅਨੁਕੂਲਤਾ ਤਬਦੀਲੀ ਬਹੁਤ ਮਹਿੰਗੀ ਹੈ, ਜਾਂ ਇਹ ਸਿਹਤ ਜਾਂ ਸੁਰੱਖਿਆ ਸਬੰਧੀ ਗੰਭੀਰ ਖਤਰੇ ਪੈਦਾ ਕਰਦੀ ਹੈ।
ਅਨੁਕੂਲਤਾ ਤਬਦੀਲੀ ਇੱਕ ਸਾਂਝੀ ਜੁੰਮੇਵਾਰੀ ਹੈ। ਇਸ ਵਿੱਚ ਸ਼ਾਮਲ ਹਰੇਕ ਵਿਅਕਤੀ ਨੂੰ ਸਬੰਧਤ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਅਤੇ ਮਿਲ ਕੇ ਹੱਲ ਲੱਭਣੇ ਚਾਹੀਦੇ ਹਨ। ਇਸਦਾ ਕੋਈ ਨਿਸ਼ਚਿਤ ਫਾਰਮੂਲਾ ਨਹੀਂ ਹੈ। ਅਨੁਕੂਲਤਾ ਤਬਦੀਲੀਆਂ ਕਈ ਲੋਕਾਂ ਨੂੰ ਫਾਇਦਾ ਪਹੁੰਚਾ ਸਕਦੀਆਂ ਹਨ, ਪਰ ਹਰ ਵਾਰ ਵਿਅਕਤੀਗਤ ਲੋੜਾਂ ਤੇ ਵਿਚਾਰ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ।
ਕਈ ਅਨੁਕੂਲਤਾ ਤਬਦੀਲੀਆਂ ਆਸਾਨੀ ਨਾਲ, ਅਤੇ ਘੱਟ ਜਾਂ ਜ਼ੀਰੋ ਲਾਗਤ ਤੇ ਕੀਤੀਆਂ ਜਾ ਸਕਦੀਆਂ ਹਨ। ਭਾਵੇਂ ਜਿੱਥੇ ਸਭ ਤੋਂ ਵਧੀਆ ਹੱਲ ਦੇ ਨਤੀਜੇ ਵੱਜੋਂ ਬੇਲੋੜੀ ਮੁਸ਼ਕਲ ਹੋ ਸਕਦੀ ਹੋਵੇ, ਤਾਂ ਵੀ ਤਦ ਤੱਕ ਅਗਲੇ ਸਭ ਤੋਂ ਵਧੀਆ ਕਦਮ ਚੁੱਕਣਾ ਫਰਜ਼ ਹੈ ਜਦ ਤਕ ਕਿ ਵਧੇਰੇ ਆਦਰਸ਼ ਹੱਲ ਸਥਾਪਿਤ ਨਹੀਂ ਕਰ ਦਿੱਤੇ ਜਾਂਦੇ।
ਪਰਿਵਾਰਕ ਦਰਜੇ ਨਾਲ ਸਬੰਧਿਤ ਲੋੜਾਂ ਵਾਲੇ ਵਿਅਕਤੀ ਵਜੋਂ: ਆਪਣੇ ਰੁਜ਼ਗਾਰਦਾਤੇ, ਯੂਨੀਅਨ, ਮਕਾਨ-ਮਾਲਕ, ਜਾਂ ਸੇਵਾ ਪ੍ਰਦਾਤਾ ਨੂੰ ਦੱਸੋ ਕਿ ਪਰਿਵਾਰਕ ਦਰਜੇ ਨਾਲ ਸਬੰਧਤ ਤੁਹਾਡੀਆਂ ਕੀ ਲੋੜਾਂ ਹਨ, ਅਤੇ ਨਾਲ ਹੀ ਲੋੜ ਅਨੁਸਾਰ ਇਸਦਾ ਸਮਰਥਨ ਕਰਨ ਵਾਲੀ ਜਾਣਕਾਰੀ ਦਿਓ, ਅਤੇ ਸੰਭਵ ਹੱਲ ਲੱਭਣ ਵਿੱਚ ਮਦਦ ਕਰੋ।
ਰੁਜ਼ਗਾਰਦਾਤੇ, ਯੂਨੀਅਨ, ਮਕਾਨ-ਮਾਲਕ ਜਾਂ ਸੇਵਾ ਪ੍ਰਦਾਤਾ ਦੇ ਰੂਪ ਵਿੱਚ: ਅਨੁਕੂਲਤਾ ਤਬਦੀਲੀ ਲਈ ਬੇਨਤੀਆਂ ਨੂੰ ਚੰਗੀ ਭਾਵਨਾ ਨਾਲ ਸਵੀਕਾਰ ਕਰੋ। ਕੇਵਲ ਲੋੜੀਂਦੀ ਜਾਣਕਾਰੀ ਮੰਗੋ, ਅਤੇ ਇਸ ਜਾਣਕਾਰੀ ਨੂੰ ਗੁਪਤ ਰੱਖੋ। ਜਿੰਨਾ ਜਲਦੀ ਸੰਭਵ ਹੋ ਸਕੇ ਕੋਈ ਹੱਲ ਲੱਭੋ, ਅਤੇ ਕਈ ਸਥਿਤੀਆਂ ਵਿੱਚ, - ਮਾਹਰਾਂ ਦੀ ਕਿਸੇ ਵੀ ਰਾਇ ਅਤੇ ਲੋੜੀਂਦੇ ਦਸਤਾਵੇਜ਼ਾਂ ਸਮੇਤ, ਲਾਗਤਾਂ ਦਾ ਖਰਚਾ ਉਠਾਉ।
ਵਧੇਰੇ ਜਾਣਕਾਰੀ ਲਈ
ਓਨਟੈਰੀਓ ਹਿਊਮਨ ਰਾਈਟਸ ਕਮੀਸ਼ਨ ਦੀ ਪਰਿਵਾਰਕ ਦਰਜੇ ਦੇ ਕਾਰਨ ਵਿਤਕਰੇ ਬਾਰੇ ਨੀਤੀ ਅਤੇ ਸੇਧਾਂ (Policy and Guidelines on Discrimination Because of Family Status) ਅਤੇ ਹੋਰ ਪ੍ਰਕਾਸ਼ਨ www.ohrc.on.ca ਤੇ ਉਪਲਬਧ ਹਨ।
ਮਨੁੱਖੀ ਹੱਕਾਂ ਸਬੰਧੀ ਸ਼ਿਕਾਇਤ - ਜਿਸਨੂੰ ਦਰਖਾਸਤ ਕਿਹਾ ਜਾਂਦਾ ਹੈ - ਕਰਨ ਲਈ ਓਨਟੈਰੀਓ ਦੇ ਹਿਊਮਨ ਰਾਈਟਸ ਟ੍ਰਿਬਿਊਨਲ (Human Rights Tribunal) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-598-0322
TTY ਟੋਲ ਫ਼੍ਰੀ: 1-866-607-1240
ਵੈਬਸਾਈਟ: www.hrto.ca
ਜੇ ਤੁਹਾਨੂੰ ਕਾਨੂੰਨੀ ਮਦਦ ਦੀ ਲੋੜ ਹੈ, ਤਾਂ ਹਿਊਮਨ ਰਾਈਟਸ ਦੇ ਲੀਗਲ ਸਪੋਰਟ ਸੈਂਟਰ (ਕਾਨੂੰਨੀ ਸਹਾਇਤਾ ਕੇਂਦਰ) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-625-5179
TTY ਟੋਲ ਫ਼੍ਰੀ: 1-866-612-8627
ਵੈਬਸਾਈਟ: www.hrlsc.on.ca