ਓਨਟੈਰੀਓ ਦੀ ਮਨੁੱਖੀ ਹੱਕਾਂ ਦੀ ਨਿਯਮਾਵਲੀ (Human Rights Code)
ਓਨਟੈਰੀਓ ਮਨੁੱਖੀ ਹੱਕਾਂ ਦੀ ਨਿਯਮਾਵਲੀ (ਨਿਯਮਾਵਲੀ) ਬਰਾਬਰ ਹੱਕ ਅਤੇ ਮੌਕੇ, ਅਤੇ ਵਿਤਕਰੇ ਤੋਂ ਆਜ਼ਾਦੀ ਮੁਹੱਈਆ ਕਰਦੀ ਹੈ। ਇਹ ਨਿਯਮਾਵਲੀ ਓਨਟੈਰੀਓ ਵਿੱਚ, ਰੁਜ਼ਗਾਰ, ਰਿਹਾਇਸ਼, ਸਹੂਲਤਾਂ ਅਤੇ ਸੇਵਾਵਾਂ, ਇਕਰਾਰਨਾਮਿਆਂ, ਅਤੇ ਯੂਨਿਅਨਾਂ ਵਿੱਚ ਮੈਂਬਰਸ਼ਿਪਾਂ, ਵਪਾਰਕ ਜਾਂ ਪੇਸ਼ਾਵਰ ਐਸੋਸਿਏਸ਼ਨਾਂ ਵਿੱਚ ਹਰੇਕ ਵਿਅਕਤੀ ਦੇ ਸਨਮਾਨ ਅਤੇ ਮੁੱਲ ਨੂੰ ਪਛਾਣਦੀ ਹੈ।
ਜਿਨ੍ਹਾਂ ਲੋਕਾਂ ਨਾਲ ਲਿੰਗੀ ਪਛਾਣ ਦੇ ਅਧਾਰ ਤੇ ਵਿਤਕਰਾ ਕੀਤਾ ਜਾਂਦਾ ਹੈ ਜਾਂ ਪਰੇਸ਼ਾਨ ਕਿਤਾ ਜਾਂਦਾ ਹੈ ਉਹ ਲਿੰਗ ਦੇ ਅਧਾਰ ਦੇ ਤਹਿਤ ਕਾਨੂੰਨੀ ਤੌਰ ਤੇ ਸੁਰੱਖਿਅਤ ਹਨ। ਇਸ ਵਿੱਚ ਟ੍ਰਾਂਸਸੈਕਸੁਅਲ, ਟ੍ਰਾਂਸਜੈਂਡਰ ਅਤੇ ਅੰਤਰਲਿੰਗੀ ਵਿਅਕਤੀ; ਦੂਜੇ ਲਿੰਗ ਦੇ ਕੱਪੜੇ ਪਾਉਣ ਵਾਲੇ ਵਿਅਕਤੀ, ਅਤੇ ਹੋਰ ਵਿਅਕਤੀ ਸ਼ਾਮਲ ਹਨ ਜਿਨ੍ਹਾਂ ਦੀ ਲਿੰਗੀ ਪਛਾਣ ਜਾਂ ਅਭਿਵਿਅਕਤੀ ਉਹਨਾਂ ਦੇ ਜਨਮ ਤੋਂ ਪਛਾਣੇ ਗਏ ਲਿੰਗ ਤੋਂ ਵੱਖਰੀ ਹੁੰਦੀ ਹੈ, ਜਾਂ ਦੇਖੀ ਜਾਂਦੀ ਹੈ।
ਲਿੰਗੀ ਪਛਾਣ ਕੀ ਹੁੰਦੀ ਹੈ?
ਲਿੰਗੀ ਪਛਾਣ ਵਿਅਕਤੀ ਦੀ ਆਪਣੇ ਬਾਰੇ ਸਮਝ, ਅਤੇ ਪੁਰਸ਼ ਜਾਂ ਔਰਤ ਹੋਣ ਦੀ ਸਮਝ ਨਾਲ ਜੁੜੀ ਹੁੰਦੀ ਹੈ। ਕਿਸੇ ਵਿਅਕਤੀ ਦੀ ਲਿੰਗੀ ਪਛਾਣ ਉਹਨਾਂ ਦੇ ਲਿੰਗਿਕ ਝੁਕਾਅ ਤੋਂ ਵੱਖਰੀ ਹੁੰਦੀ ਹੈ ਜੋ ਕਿ ਨਿਯਮਾਵਲੀ ਦੇ ਤਹਿਤ ਸੁਰੱਖਿਅਤ ਹੈ। ਲੋਕਾਂ ਦੀ ਲਿੰਗੀ ਪਛਾਣ ਉਹਨਾਂ ਦੇ ਜਨਮ ਦੁਆਰਾ ਨਿਰਧਾਰਿਤ ਲਿੰਗ ਤੋਂ ਵੱਖਰੀ ਹੋ ਸਕਦੀ ਹੈ ਅਤੇ ਇਸ ਵਿੱਚ ਹੇਠਾਂ ਦਿੱਤੇ ਸ਼ਾਮਲ ਹੋ ਸਕਦੇ ਹਨ:
ਟ੍ਰਾਂਸਜੇਂਡਰ (ਵਿਪਰੀਤ ਲਿੰਗੀ): ਉਹ ਲੋਕ ਜਿਨ੍ਹਾਂ ਦੀ ਜ਼ਿੰਦਗੀ ਦੇ ਅਨੁਭਵ ਵਿੱਚ ਇੱਕ ਤੋਂ ਵੱਧ ਲਿੰਗ ਦੇ ਵਿੱਚ ਮੌਜੂਦ ਹੋਣਾ, ਸ਼ਾਮਲ ਹੁੰਦਾ ਹੈ। ਇਸ ਵਿੱਚ ਉਹ ਲੋਕ ਸ਼ਾਮਲ ਹੋ ਸਕਦੇ ਹਨ ਜੋ ਆਪਣੀ ਪਛਾਣ ਟ੍ਰਾਂਸਸੈਕਸੁਅਲ ਦੇ ਰੂਪ ਵਿੱਚ ਦੱਸਦੇ ਹਨ, ਅਤੇ ਉਹ ਲੋਕ ਜੋ ਖੁਦ ਨੂੰ "ਲਿੰਗੀ ਵਿਸਤਾਰ" ਵਿੱਚ ਜਾਂ "ਪੁਰਸ਼" ਜਾਂ "ਔਰਤ" ਦੀਆਂ ਸ਼੍ਰੇਣੀਆਂ ਤੋਂ ਬਾਹਰ ਹੋ ਕੇ ਜਿਉਂਦੇ ਦੱਸਦੇ ਹਨ।
ਟ੍ਰਾਂਸੈਕਸੁਅਲ: ਜੋ ਲੋਕ ਜਨਮ ਦੇ ਸਮੇਂ ਕਿਸੇ ਇੱਕ ਲਿੰਗ ਨਾਲ ਪਛਾਣੇ ਗਏ ਸਨ, ਪਰ ਜੋ ਖੁਦ ਨੂੰ ਵੱਖਰੇ ਲਿੰਗ ਦੇ ਰੂਪ ਵਿੱਚ ਪਛਾਣਦੇ ਹਨ। ਉਹ ਆਪਣੇ ਸਰੀਰ ਨੂੰ ਅੰਦਰੋਂ ਮਹਿਸੂਸ ਕੀਤੀ ਗਈ ਪਛਾਣ ਦੇ ਬਰਾਬਰ ਲਿਆਉਣ ਲਈ ਇੱਕ ਜਾਂ ਵੱਧ ਇਲਾਜ ਕਰਵਾ ਸਕਦੇ ਹਨ, ਜਿਵੇਂ ਕਿ ਹਾਰਮੋਨ ਇਲਾਜ, ਲਿੰਗ ਬਦਲਣ ਦਾ ਆਪਰੇਸ਼ਨ ਜਾਂ ਹੋਰ ਤਰ੍ਹਾਂ ਦੇ ਇਲਾਜ।
ਅੰਤਰਲਿੰਗੀ: ਜਿਨ੍ਹਾਂ ਲੋਕਾਂ ਨੂੰ ਜਨਮ ਦੇ ਸਮੇਂ ਜਾਂ ਗਭਰੇਟ ਅਵਸਥਾ ਦੇ ਬਾਅਦ, ਆਸਾਨੀ ਨਾਲ "ਪੁਰਸ਼" ਜਾਂ "ਔਰਤ" ਦੇ ਰੂਪ ਵਿੱਚ ਸ਼੍ਰੇਣੀਬੱਧ ਨਹੀਂ ਕੀਤਾ ਜਾ ਸਕਦਾ ਹੈ। ਇਹ ਸ਼ਬਦ ਅਣਉਚਿਤ ਸ਼ਬਦ "ਖੁਸਰੇ" ਦੀ ਜਗ੍ਹਾ ਤੇ ਵਰਤਿਆ ਜਾਂਦਾ ਹੈ।
ਦੂਜੇ ਲਿੰਗ ਦੇ ਕੱਪੜੇ ਪਾਉਣ ਵਾਲੇ: ਕੋਈ ਵਿਅਕਤੀ ਜੋ ਭਾਵਨਾਤਮਕ ਅਤੇ ਮਨੋਵਿਗਿਆਨਕ ਕਾਰਨਾਂ ਕਰਕੇ, ਅਜਿਹੇ ਕੱਪੜੇ ਪਹਿਨਦਾ ਹੈ ਜੋ ਆਮ ਤੌਰ ਤੇ "ਵਿਪਰੀਤ" ਲਿੰਗ ਦੇ ਵਿਅਕਤੀ ਨਾਲ ਸਬੰਧਤ ਹੁੰਦੇ ਹਨ।
ਟ੍ਰਾਂਸ: ਉਹਨਾਂ ਵਿਅਕਤੀਆਂ ਦਾ ਵਰਣਨ ਕਰਨ ਵਾਲਾ ਸ਼ਬਦ ਜੋ, ਵੱਖ-ਵੱਖ ਪੱਧਰ ਤੇ, ਉਹਨਾਂ ਗੱਲਾਂ ਦੀ ਪਾਲਣਾ ਨਹੀਂ ਕਰਦੇ ਹਨ ਜਿਨ੍ਹਾਂ ਨੂੰ ਸਮਾਜ ਪੁਰਸ਼ ਜਾਂ ਔਰਤ ਦੇ ਰੂਪ ਵਿੱਚ ਪਰਿਭਾਸ਼ਿਤ ਕਰਦਾ ਹੈ।
ਵਿਤਕਰਾ ਅਤੇ ਪਰੇਸ਼ਾਨ ਕਰਨਾ
ਲਿੰਗੀ ਪਛਾਣ ਦੇ ਅਧਾਰ ਤੇ ਵਿਤਕਰਾ ਕਿਸੇ ਵਿਅਕਤੀ ਦੇ ਲਿੰਗ ਦੇ ਅਧਾਰ ਤੇ, ਇਰਾਦਤਨ ਜਾਂ ਗੈਰ-ਇਰਾਦਤਨ, ਅਜਿਹਾ ਕੋਈ ਵੀ ਕੰਮ ਹੁੰਦਾ ਹੈ ਜੋ ਦੂਜੇ ਲੋਕਾਂ ਨੂੰ ਛੱਡ ਕੇ ਉਸ ਵਿਅਕਤੀ ਜਾਂ ਸਮੂਹ ਤੇ ਬੋਝ ਪਾਉਂਦਾ ਹੈ, ਜਾਂ ਜੋ ਸਮਾਜ ਦੇ ਦੂਜੇ ਮੈਂਬਰਾਂ ਲਈ ਉਪਲਬਧ ਲਾਭਾਂ ਤਕ ਪਹੁੰਚ ਨੂੰ ਰੋਕਦਾ ਹੈ ਜਾਂ ਸੀਮਿਤ ਕਰਦਾ ਹੈ। ਇਹ ਸਪੱਸ਼ਟ ਜਾਂ ਛਿਪਿਆ ਹੋਇਆ ਹੋ ਸਕਦਾ ਹੈ। ਵਿਤਕਰਾ ਵੱਡੇ, ਪ੍ਰਣਾਲੀਗਤ ਪੱਧਰ ਤੇ ਵੀ ਹੋ ਸਕਦਾ ਹੈ, ਜਿਵੇਂ ਕਿ ਜਦੋਂ ਕੋਈ ਨਿਯਮ ਜਾਂ ਨੀਤੀ ਨਿਰਪੱਖ ਪ੍ਰਤੀਤ ਹੁੰਦੇ ਹੋਵੇ, ਪਰ ਇਸ ਨੂੰ ਸਭ ਨੂੰ ਸ਼ਾਮਲ ਕਰਨ ਲਈ ਤਿਆਰ ਨਾ ਕੀਤਾ ਗਿਆ ਹੋਵੇ। ਇਸ ਨਾਲ, ਲੋਕਾਂ ਦੇ ਹੱਕਾਂ ਨੂੰ, ਉਨ੍ਹਾਂ ਦੀ ਲਿੰਗੀ ਪਛਾਣ ਦੇ ਕਾਰਨ ਨੁਕਸਾਨ ਪਹੁੰਚ ਸਕਦਾ ਹੈ।
ਪਰੇਸ਼ਾਨ ਕਰਨਾ ਵਿਤਕਰੇ ਦਾ ਇੱਕ ਰੂਪ ਹੈ। ਇਸ ਵਿੱਚ ਟਿੱਪਣੀਆਂ, ਚੁਟਕਲੇ, ਭੱਦੇ ਨਾਮ ਲੈਣਾ, ਜਾਂ ਅਜਿਹਾ ਵਿਹਾਰ ਜਾਂ ਤਸਵੀਰਾਂ ਦਿਖਾਉਣਾ ਸ਼ਾਮਲ ਹੈ ਜੋ ਤੁਹਾਡੀ ਲਿੰਗੀ ਪਛਾਣ ਦੇ ਕਾਰਨ ਤੁਹਾਡੀ ਬੇਇੱਜ਼ਤੀ ਕਰਦੀਆਂ ਹਨ ਜਾਂ ਤੁਹਾਡਾ ਮਾਣ ਘਟਾਉਂਦੀਆਂ ਹਨ।
ਕਿਸੇ ਵੀ ਵਿਅਕਤੀ ਦੀ ਲਿੰਗੀ ਪਛਾਣ ਦੇ ਕਾਰਨ ਉਸ ਨਾਲ ਕੰਮ ਦੇ ਸਥਾਨ ਤੇ, ਸਕੂਲ ਵਿੱਚ, ਕੋਈ ਅਪਾਰਟਮੈਂਟ ਕਿਰਾਏ ਤੇ ਲੈਂਦੇ ਸਮੇਂ, ਰੈਸਟੋਰੈਂਟ ਵਿੱਚ ਭੋਜਨ ਕਰਦੇ ਸਮੇਂ, ਜਾਂ ਕਿਸੇ ਵੀ ਹੋਰ ਸਮੇਂ ਤੇ ਵੱਖਰਾ ਵਿਹਾਰ ਨਹੀਂ ਕੀਤਾ ਜਾਣਾ ਚਾਹੀਦਾ।
ਉਦਾਹਰਨ: ਇੱਕ ਟ੍ਰਾਂਸਸੈਕਸੁਅਲ ਵਿਅਕਤੀ ਕਿਸੇ ਅਪਾਰਟਮੇਂਟ ਲਈ ਇਸ਼ਤਿਹਾਰ ਦਾ ਜਵਾਬ ਦਿੰਦਾ ਹੈ। ਭਾਵੇਂ ਯੂਨਿਟ ਖਾਲੀ ਹਨ, ਸੁਪਰਿਨਟੇਨਡੇਂਟ ਕਹਿੰਦਾ ਹੈ ਕਿ ਕੋਈ ਯੂਨਿਟ ਖਾਲੀ ਨਹੀਂ ਹੈ।
ਉਦਾਹਰਨ: ਕੋਈ ਕਰਮਚਾਰੀ ਆਪਣੇ ਮੈਨੇਜਰ ਨੂੰ ਕਹਿੰਦਾ ਹੈ ਕਿ ਉਹ ਦੂਜੇ ਲਿੰਗ ਦੇ ਕੱਪੜੇ ਪਹਿਨਦਾ ਹੈ। ਉਸਦਾ ਮੈਨੇਜਰ ਕਹਿੰਦਾ ਹੈ ਕਿ ਉਹ ਤਰੱਕੀਆਂ ਜਾਂ ਨੌਕਰੀ ਲਈ ਸਿਖਲਾਈ ਦੇ ਯੋਗ ਨਹੀਂ ਰਹੇਗਾ ਕਿਉਂਕਿ ਗਾਹਕ ਅਤੇ ਸਾਥੀ ਕਰਮਚਾਰੀ ਉਸਦੇ ਨਾਲ ਸਹਿਜ ਮਹਿਸੂਸ ਨਹੀਂ ਕਰਨਗੇ।
ਸੰਗਠਨ ਵਿਤਕਰਾ ਨਹੀਂ ਕਰ ਸਕਦੇ ਹਨ, ਉਹਨਾਂ ਨੂੰ ਪਰੇਸ਼ਾਨੀ ਦੀਆਂ ਸ਼ਿਕਾਇਤਾਂ ਨਾਲ ਨਿਪਟਣਾ ਚਾਹੀਦਾ ਹੈ, ਅਤੇ ਟ੍ਰਾਂਸ ਲੋਕਾਂ ਲਈ ਗੈਰ-ਵਿਤਕਰੇ ਵਾਲਾ ਮਾਹੌਲ ਜ਼ਰੂਰ ਮੁਹੱਈਆ ਕਰਨਾ ਚਾਹੀਦਾ ਹੈ। ਇਹ “ਤੀਜੀਆਂ ਧਿਰਾਂ” ਤੇ ਵੀ ਲਾਗੂ ਹੁੰਦਾ ਹੈ, ਜਿਵੇਂ ਕਿ ਠੇਕੇ ਦਾ ਕੰਮ ਕਰ ਰਹੇ ਲੋਕ ਜਾਂ ਜੋ ਲੋਕ ਨਿਯਮਿਤ ਰੂਪ ਵਿੱਚ ਸੰਗਠਨ ਦੇ ਨਾਲ ਸੰਪਰਕ ਕਰਦੇ ਹਨ। ਵਿਅਕਤੀਆਂ ਨੂੰ ਉਸ ਲਿੰਗ ਵਿੱਚ ਪਛਾਣਿਆ ਜਾਣਾ ਚਾਹੀਦਾ ਹੈ ਜਿਸ ਲਿੰਗ ਵਿੱਚ ਉਹ ਜਿਉਂਦੇ ਹਨ, ਅਤੇ ਉਸੇ ਅਧਾਰ ਤੇ ਵਾਸ਼ਰੂਮ ਅਤੇ ਕੱਪੜੇ ਬਦਲਣ ਦੀਆਂ ਸਹੂਲਤਾਂ ਤਕ ਪਹੁੰਚ ਦੇਣੀ ਚਾਹੀਦੀ ਹੈ, ਜਦ ਤਕ ਕਿ ਉਹ ਕਿਸੇ ਹੋਰ ਅਨੁਕੂਲਤਾ ਤਬਦੀਲੀ ਦੀ ਮੰਗ ਨਹੀਂ ਕਰਦੇ ਹਨ (ਜਿਵੇਂ ਕਿ ਸੁਰੱਖਿਆ ਅਤੇ ਨਿੱਜਤਾ ਦੇ ਕਾਰਨ)।
ਅਨੁਕੂਲਤਾ ਤਬਦੀਲੀ ਕਰਨ ਦਾ ਫਰਜ਼
ਨਿਯਮਾਵਲੀ, ਦੇ ਤਹਿਤ, ਰੁਜ਼ਗਾਰਦਾਤੇ, ਯੂਨੀਅਨਾਂ, ਮਕਾਨ-ਮਾਲਕਾਂ ਅਤੇ ਸੇਵਾ ਪ੍ਰਦਾਨ ਕਰਨ ਵਾਲਿਆਂ ਦਾ ਲੋਕਾਂ ਦੀ ਲਿੰਗੀ ਪਛਾਣ ਲਈ “ਅਨੁਕੂਲਤਾ ਤਬਦੀਲੀ ਕਰਨਾ ਕਾਨੂੰਨੀ ਫਰਜ਼” ਹੈ। ਅਨੁਕੂਲਤਾ ਤਬਦੀਲੀਆਂ ਦਾ ਟੀਚਾ ਇਹ ਹੈ ਕਿ ਲੋਕ ਸੇਵਾਵਾਂ, ਰਿਹਾਇਸ਼ ਜਾਂ ਕੰਮ ਦੇ ਸਥਾਨ ਤੋਂ ਬਰਾਬਰ ਫ਼ਾਇਦਾ ਉਠਾ ਸਕਣ ਅਤੇ ਇਹਨਾਂ ਵਿੱਚ ਹਿੱਸਾ ਲੈ ਸਕਣ।
ਅਨੁਕੂਲਤਾ ਤਬਦੀਲੀ ਇੱਕ ਸਾਂਝੀ ਜੁੰਮੇਵਾਰੀ ਹੈ। ਅਨੁਕੂਲਤਾ ਤਬਦੀਲੀ ਦੀ ਮੰਗ ਕਰ ਰਹੇ ਵਿਅਕਤੀ ਸਮੇਤ, ਇਸ ਵਿੱਚ ਸ਼ਾਮਲ ਹਰੇਕ ਵਿਅਕਤੀ ਨੂੰ ਪ੍ਰਕਿਰਿਆ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ, ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ, ਅਤੇ ਮਿਲ ਕੇ ਅਨੁਕੂਲਤਾ ਤਬਦੀਲੀ ਦੇ ਹੱਲ ਲੱਭਣੇ ਚਾਹੀਦੇ ਹਨ।
ਉਦਾਹਰਨ: ਕੋਈ ਟ੍ਰਾਂਸਜੈਂਡਰ ਪੁਰਸ਼ ਆਪਣੇ ਜਿਮ ਵਿੱਚ ਧਮਕੀਆਂ ਦੇ ਕਾਰਨ ਪੁਰਸ਼ਾਂ ਦੇ ਲੌਕਰ ਰੂਮ ਵਿੱਚ ਸੁਰੱਖਿਆ ਸਬੰਧੀ ਚਿੰਤਾਵਾਂ ਦੱਸਦਾ ਹੈ। ਜਿਮ ਦਾ ਮੈਨੇਜਰ ਪਰੇਸ਼ਾਨ ਕਰਨ ਵਾਲਿਆਂ ਵਿਰੁੱਧ ਕਦਮ ਉਠਾਉਂਦਾ ਹੈ, ਅਤੇ ਗਾਹਕ ਨਾਲ ਮਿਲ ਕੇ ਸੰਭਵ ਹੱਲਾਂ ਤੇ ਵਿਚਾਰ ਕਰਦਾ ਹੈ, ਜਿਵੇਂ ਕਿ ਸਾਰੇ ਸ਼ਾਵਰਾਂ ਲਈ ਨਿੱਜਤਾ ਪਰਦਾ ਅਤੇ ਪੁਰਸ਼ਾਂ ਦੇ ਲੌਕਰ ਰੂਮ ਵਿੱਚ ਕੱਪੜੇ ਬਦਲਣ ਦੇ ਸਟਾਲ, ਜਾਂ ਇੱਕਲੇ ਵਿਅਕਤੀ ਵਾਲੇ ਸ਼ਾਵਰ ਅਤੇ ਕੱਪੜੇ ਬਦਲਣ ਦੇ ਕਮਰੇ। ਜਦੋਂ ਤਕ ਹੱਲ ਨਹੀਂ ਮਿਲ ਜਾਂਦਾ ਉਹ ਉਸ ਨੂੰ ਸਟਾਫ਼ ਦੀਆਂ ਸਹੂਲਤਾਂ ਵਾਲੀਆਂ ਥਾਵਾਂ ਵਰਤਣ ਦਿੰਦੇ ਹਨ।
ਉਦਾਹਰਨ: ਇੱਕ ਟ੍ਰਾਂਸਸੈਕਸੁਅਲ ਔਰਤ ਨੂੰ ਆਪਣੇ ਕੰਮ ਦੇ ਸਥਾਨ ਤੇ ਔਰਤਾਂ ਦੇ ਵਾਸ਼ਰੂਮ ਨੂੰ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ। ਉਸਦਾ ਮੈਨੇਜਰ ਇਹ ਕਹਿੰਦੇ ਹੋਏ ਇਸਦਾ ਸਮਰਥਨ ਕਰਦਾ ਹੈ ਕਿ ਬਾਕੀ ਦੇ ਸਟਾਫ਼ ਨੇ ਬੇਆਰਾਮੀ ਪ੍ਰਗਟ ਕੀਤੀ ਹੈ। ਇਸ ਕੰਮ ਦੇ ਸਥਾਨ ਨੂੰ ਅਜਿਹੀ ਨੀਤੀ ਦੀ ਲੋੜ ਹੈ ਜੋ ਸ਼ਪੱਸ਼ਟਤਾ ਨਾਲ ਦੱਸੇ ਕਿ ਟ੍ਰਾਂਸਸੈਕਸੁਅਲ ਕਰਮਚਾਰੀ ਨੂੰ ਵਾਸ਼ਰੂਮ ਵਰਤਣ ਦਾ ਹੱਕ ਹੈ, ਅਤੇ ਸਟਾਫ਼ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਅਤੇ ਭਵਿੱਖ ਵਿੱਚ ਪਰੇਸ਼ਾਨੀ ਅਤੇ ਵਿਤਕਰੇ ਨੂੰ ਰੋਕਣ ਲਈ ਉਨ੍ਹਾਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ।
ਉਦਾਹਰਨ: ਇੱਕ ਟ੍ਰਾਂਸ ਔਰਤ ਦੀ ਪੁਰਸ਼ ਪੁਲੀਸ ਦੁਆਰਾ ਕੱਪੜੇ ਉਤਾਰ ਕੇ ਤਲਾਸ਼ੀ ਲਈ ਜਾਂਦੀ ਹੈ, ਭਾਵੇਂ ਉਸ ਨੇ ਕਿਹਾ ਸੀ ਕਿ ਇਸ ਕਿਸਮ ਦੀ ਤਲਾਸ਼ੀ ਕਿਸੇ ਔਰਤ ਪੁਲੀਸ ਆਫ਼ਿਸਰ ਦੁਆਰਾ ਲਈ ਜਾਵੇ। ਪੁਲੀਸ ਸੇਵਾ ਕਹਿੰਦੀ ਹੈ ਕਿ ਤਲਾਸ਼ੀ ਵਿੱਚ ਪੁਰਸ਼ ਆਫ਼ਿਸਰ ਸ਼ਾਮਲ ਹੋਣਾ ਚਾਹੀਦਾ ਹੈ ਕਿਉਂਕਿ ਉਸ ਵਿਅਕਤੀ ਨੇ ਲਿੰਗ ਬਦਲਣ ਦੀ ਸਰਜਰੀ ਨਹੀਂ ਕਰਵਾਈ ਹੈ। ਓਨਟੈਰੀਓ ਦੇ ਹਿਊਮਨ ਰਾਈਟਸ ਟ੍ਰਿਬਿਊਨਲ (Human Rights Tribunal) ਨੇ ਆਦੇਸ਼ ਦਿੱਤਾ ਹੈ ਕਿ ਕਿਸੇ ਟ੍ਰਾਂਸ ਵਿਅਕਤੀ ਦੀ ਕੱਪੜੇ ਉਤਾਰ ਕੇ ਤਲਾਸ਼ੀ ਲੈਣ ਲਈ ਤਿੰਨ ਵਿਕਲਪ ਦਿੱਤੇ ਜਾਣੇ ਚਾਹੀਦੇ ਹਨ; ਸਿਰਫ਼ ਪੁਰਸ਼ ਆਫ਼ਿਸਰਾਂ ਦੀ ਵਰਤੋਂ, ਸਿਰਫ਼ ਔਰਤ ਆਫ਼ਿਸਰਾਂ ਦੀ ਵਰਤੋਂ, ਜਾਂ ਪੁਰਸ਼ ਅਤੇ ਔਰਤ ਦੋਵੇਂ ਆਫ਼ਿਸਰਾਂ ਦੀ ਵਰਤੋਂ ਕਰਦੇ ਹੋਏ।
ਜਾਣਕਾਰੀ ਨੂੰ ਗੁਪਤ ਰੱਖਣਾ
ਕਿਸੇ ਕਰਮਚਾਰੀ ਜਾਂ ਸੇਵਾ ਪ੍ਰਦਾਤਾ ਕੋਲ ਨਿੱਜੀ ਜਾਣਕਾਰੀ ਇਕੱਠੀ ਕਰਨ ਅਤੇ ਵਰਤਣ ਦਾ ਜਾਇਜ਼ ਕਾਰਨ ਜ਼ਰੂਰ ਹੋਣਾ ਚਾਹੀਦਾ ਹੈ, ਜਿਵੇਂ ਕਿ ਡ੍ਰਾਈਵਰ ਦਾ ਲਾਇਸੈਂਸ ਜਾਂ ਜਨਮ ਸਰਟੀਫ਼ਿਕੇਟ, ਜੋ ਅਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਵਿਅਕਤੀ ਦੇ ਲਿੰਗ ਨੂੰ ਉਸਦੀ ਲਿੰਗੀ ਪਛਾਣ ਤੋਂ ਵੱਖਰਾ ਦੱਸਦਾ ਹੈ। ਉਹਨਾਂ ਨੂੰ ਨਿੱਜਤਾ ਅਤੇ ਗੁਪਤਤਾ ਦਾ ਅਧਿਕਤਮ ਪੱਧਰ ਵੀ ਜ਼ਰੂਰ ਯਕੀਨੀ ਬਣਾਉਣਾ ਚਾਹੀਦਾ ਹੈ। ਇਹ ਰੁਜ਼ਗਾਰ ਦੇ ਰਿਕਾਰਡਾਂ ਅਤੇ ਫਾਈਲਾਂ, ਬੀਮਾ ਕੰਪਨੀ ਦੇ ਰਿਕਾਰਡਾਂ, ਡਾਕਟਰੀ ਜਾਣਕਾਰੀ ਆਦਿ ਸਮੇਤ ਸਾਰੇ ਮਾਮਲਿਆਂ ਵਿੱਚ ਲਾਗੂ ਹੁੰਦਾ ਹੈ।
ਵਧੇਰੇ ਜਾਣਕਾਰੀ ਲਈ
ਓਨਟੈਰੀਓ ਹਿਊਮਨ ਰਾਈਟਸ ਕਮੀਸ਼ਨ ਦੀ ਲਿੰਗੀ ਪਛਾਣ ਦੇ ਕਾਰਨ ਵਿਤਕਰੇ ਅਤੇ ਪਰੇਸ਼ਾਨੀ ਬਾਰੇ ਨੀਤੀ (Policy on Discrimination and Harassment Because of Gender Identity) ਅਤੇ ਦੂਜੇ ਪ੍ਰਕਾਸ਼ਨ www.ohrc.on.ca ਤੇ ਉਪਲਬਧ ਹਨ।
ਮਨੁੱਖੀ ਹੱਕਾਂ ਸਬੰਧੀ ਸ਼ਿਕਾਇਤ - ਜਿਸਨੂੰ ਦਰਖਾਸਤ ਕਿਹਾ ਜਾਂਦਾ ਹੈ - ਕਰਨ ਲਈ ਓਨਟੈਰੀਓ ਦੇ ਹਿਊਮਨ ਰਾਈਟਸ ਟ੍ਰਿਬਿਊਨਲ (Human Rights Tribunal) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-598-0322
TTY ਟੋਲ ਫ਼੍ਰੀ: 1-866-607-1240
ਵੈਬਸਾਈਟ: www.hrto.ca
ਆਪਣੇ ਹੱਕਾਂ ਬਾਰੇ ਗੱਲ ਕਰਨ ਲਈ, ਜੇ ਤੁਹਾਨੂੰ ਕਾਨੂੰਨੀ ਮਦਦ ਦੀ ਲੋੜ ਹੈ, ਤਾਂ ਹਿਊਮਨ ਰਾਈਟਸ ਦੇ ਲੀਗਲ ਸਪੋਰਟ ਸੈਂਟਰ (ਕਾਨੂੰਨੀ ਸਹਾਇਤਾ ਕੇਂਦਰ) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-625-5179
TTY ਟੋਲ ਫ਼੍ਰੀ: 1-866-612-8627
ਵੈਬਸਾਈਟ: www.hrlsc.on.ca