Skip to main content

Sexual and gender-based harassment: know your rights (brochure)

ਜਿਨਸੀ (ਸੈਕਸ ਸਬੰਧੀ) ਅਤੇ ਲਿੰਗ-ਅਧਾਰਤ ਪਰੇਸ਼ਾਨੀ ਵਿਤਕਰੇ ਦੀਆਂ ਕਿਸਮਾਂ ਹਨ। ਇਹ ਵਿਅਕਤੀ ਦੇ ਸਨਮਾਨ ਨੂੰ ਠੇਸ ਪਹੁੰਚਾ ਸਕਦੀਆਂ ਹਨ, ਉਹਨਾਂ ਨੂੰ ਅਸੁਰੱਖਿਅਤ ਮਹਿਸੂਸ ਕਰਵਾ ਸਕਦੀਆਂ ਹਨ ਅਤੇ ਉਹਨਾਂ ਨੂੰ ਆਪਣੀ ਪੂਰੀ ਸਮਰੱਥਾ ਤਕ ਪਹੁੰਚਣ ਤੋਂ ਰੋਕ ਸਕਦੀਆਂ ਹਨ। ਜਿਨਸੀ ਤੌਰ ਤੇ ਪਰੇਸ਼ਾਨ ਕਰਨਾ ਜਾਂ ਕਿਸੇ ਨੂੰ ਉਸ ਦੇ ਲਿੰਗ ਜਾਂ ਲਿੰਗਿਕ ਝੁਕਾਅ ਦੇ ਕਾਰਨ ਡਰਾਉਣਾ-ਧਮਕਾਉਣਾ ਸਵੀਕਾਰਯੋਗ ਨਹੀਂ ਹੈ। ਇਹ ਕਾਨੂੰਨ ਦੇ ਵਿਰੁੱਧ ਹੈ।

ਅਕਸਰ, ਅਧਿਕਾਰਕ ਸਥਿਤੀ ਵਾਲਾ ਵਿਅਕਤੀ ਪਰੇਸ਼ਾਨ ਕਰਦਾ ਹੈ, ਪਰ ਇਹ ਸਾਥੀਆਂ, ਸਾਥੀ ਕਰਮਚਾਰੀਆਂ ਆਦਿ ਤੋਂ ਵੀ ਆ ਸਕਦੀ ਹੈ। ਔਰਤਾਂ ਨੂੰ ਇਸ ਦਾ ਵਧੇਰਾ ਖਤਰਾ ਹੁੰਦਾ ਹੈ ਕਿਉਂਕਿ ਉਹ ਅਕਸਰ ਘੱਟ-ਤਨਖਾਹ ਵਾਲੀਆਂ, ਹੇਠਲੇ ਦਰਜੇ ਦੀਆਂ ਨੌਕਰੀਆਂ ਕਰਦੀਆਂ ਹਨ ਅਤੇ ਸੰਭਾਵਨਾ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਲਈ ਕਮਾਉਣ ਵਾਲਾ ਇਕੱਲਾ ਵਿਅਕਤੀ ਹਨ। ਇੱਥੇ ਤਕ ਕਿ ਅਧਿਕਾਰਕ ਸਥਿਤੀ ਵਾਲੇ ਵਿਅਕਤੀ ਵੀ ਜਿਨਸੀ ਪਰੇਸ਼ਾਨੀ ਦੇ ਸ਼ਿਕਾਰ ਹੋ ਸਕਦੇ ਹਨ।

ਜਿਨਸੀ ਪਰੇਸ਼ਾਨੀ ਕੀ ਹੁੰਦੀ ਹੈ?

ਓਨਟੈਰੀਓ ਮਨੁੱਖੀ ਹੱਕਾਂ ਦੀ ਨਿਯਮਾਵਲੀ (Human Rights Code) ਦੇ ਤਹਿਤ, ਜਿਨਸੀ ਪਰੇਸ਼ਾਨੀ “ਅਜਿਹੀਆਂ ਤੰਗ ਕਰਨ ਵਾਲੀਆਂ ਟਿੱਪਣੀਆਂ ਜਾਂ ਵਿਹਾਰ ਹੈ ਜਿਨ੍ਹਾਂ ਦੇ ਨਾਪਸੰਦ ਹੋਣ ਬਾਰੇ ਪਤਾ ਹੋਏ ਜਾਂ ਜਿਨ੍ਹਾਂ ਨੂੰ ਨਾਪਸੰਦ ਕੀਤਾ ਜਾਵੇ।” ਕੁਝ ਮਾਮਲਿਆਂ ਵਿੱਚ, ਇੱਕ ਘਟਨਾ ਹੀ ਜਿਨਸੀ ਪਰੇਸ਼ਾਨੀ ਲਈ ਕਾਫੀ ਗੰਭੀਰ ਹੋ ਸਕਦੀ ਹੈ। ਜਿਨਸੀ ਪਰੇਸ਼ਾਨੀ ਵਿੱਚ ਇਹ ਸ਼ਾਮਲ ਹੋ ਸਕਦਾ ਹੈ:

  • ਕਿਸੇ ਚੀਜ਼ ਦੇ ਬਦਲੇ ਜਿਨਸੀ ਸਬੰਧ ਬਣਾਉਣ ਦੀ ਮੰਗ ਕਰਨੀ, ਜਿਵੇਂ ਕਿ ਟੈਸਟ ਦੇ ਅੰਕਾਂ ਨੂੰ ਸੁਧਾਰਨ ਦੀ ਪੇਸ਼ਕਸ਼ ਕਰਨੀ, ਕੰਮ ਦੇ ਸਥਾਨ ਤੇ ਤਨਖਾਹ ਵਧਾਉਣ ਜਾਂ ਤਰੱਕੀ ਦੇਣ ਦੀ ਪੇਸ਼ਕਸ਼ ਕਰਨੀ, ਜਾਂ ਤੁਹਾਡੇ ਅਪਾਰਟਮੈਂਟ ਵਿੱਚ ਜ਼ਰੂਰੀ ਮੁਰੰਮਤਾਂ ਵਰਗੀ ਕਿਸੇ ਚੀਜ਼ ਨੂੰ ਰੋਕਣਾ
  • ਮਿਲਣ ਲਈ ਸਮਾਂ ਮੰਗਣਾ ਅਤੇ ਜਵਾਬ ਵਿੱਚ "ਨਾਂਹ" ਨਾ ਸੁਣਨਾ
  • ਜੱਫੀਆਂ ਮੰਗਣੀਆਂ
  • ਆਣਚਾਹੀ ਛੋਹ ਸਮੇਤ, ਬੇਲੋੜੀਂਦਾ ਸਰੀਰ ਸੰਪਰਕ ਬਣਾਉਣਾ
  • ਰੁਖੀ ਜਾਂ ਬੇਇੱਜ਼ਤ ਕਰਨ ਵਾਲੀ ਭਾਸ਼ਾ ਵਰਤਣੀ ਜਾਂ ਅਜਿਹੀਆਂ ਟਿੱਪਣੀਆਂ ਕਰਨੀਆਂ ਜੋ ਕੁੜੀਆਂ, ਔਰਤਾਂ, ਮੁੰਡਿਆਂ ਜਾਂ ਪੁਰਸ਼ਾਂ ਬਾਰੇ ਰੂੜ੍ਹੀਵਾਦੀ ਹੋਣ
  • ਲੋਕਾਂ ਨੂੰ ਪਸੰਦ ਨਾ ਆਉਣ ਵਾਲੇ ਨਾਮਾਂ ਨਾਲ ਬੁਲਾਉਣਾ ਜੋ ਉਹਨਾਂ ਦੇ ਲਿੰਗ ਨਾਲ ਸਬੰਧਤ ਹੋਣ
  • ਵਿਅਕਤੀ ਦੀ ਸਰੀਰਕ ਦਿਖਾਵਟ ਦੇ ਬਾਰੇ ਟਿੱਪਣੀਆਂ ਕਰਨੀਆਂ (ਉਦਾਹਰਨ ਲਈ ਕੀ ਉਹ ਆਕਰਸ਼ਕ ਹਨ ਜਾਂ ਨਹੀਂ ਹਨ)
  • ਕੁਝ ਕਹਿਣਾ ਜਾਂ ਕਰਨਾ ਕਿਉਂਕਿ ਤੁਸੀਂ ਸੋਚਦੇ ਹੋ ਕਿ ਉਹ ਵਿਅਕਤੀ ਲਿੰਗ-ਭੂਮਿਕਾ ਦੇ ਰੂੜ੍ਹੀਵਾਦੀ ਵਿਚਾਰਾਂ ਵਿੱਚ ਫਿਟ ਨਹੀਂ ਬੈਠਦਾ ਹੈ
  • ਅਸ਼ਲੀਲ, ਸੈਕਸ ਸਬੰਧੀ ਤਸਵੀਰਾਂ, ਕਾਰਟੂਨ, ਲਿਖਾਈ ਜਾਂ ਦੂਜੀਆਂ ਸੈਕਸ ਸਬੰਧੀ ਆਕ੍ਰਿਤੀਆਂ (ਆਨਲਾਈਨ ਸਮੇਤ) ਪੋਸਟ ਕਰਨੀਆਂ ਜਾਂ ਦੂਜਿਆਂ ਨਾਲ ਸਾਂਝੀਆਂ ਕਰਨੀਆਂ
  • ਸੈਕਸ ਸਬੰਧੀ ਚੁਟਕਲੇ ਸੁਣਾਉਣੇ
  • ਸੈਕਸ ਸਬੰਧੀ ਸਮਰੱਥਾ ਬਾਰੇ ਸ਼ੇਖ਼ੀ ਮਾਰਨੀ
  • ਲਿੰਗ ਜਾਂ ਲਿੰਗ-ਭੇਦ ਦੇ ਅਧਾਰ ਤੇ ਡਰਾਉਣਾ-ਧਮਕਾਉਣਾ
  • ਸੈਕਸ ਸਬੰਧੀ ਅਫਵਾਹਾਂ ਜਾਂ ਗੱਪਾਂ ਫੈਲਾਉਣੀਆਂ (ਆਨਲਾਈਨ ਸਮੇਤ)।

ਜ਼ਰੂਰੀ ਨਹੀਂ ਕਿ ਜਿਨਸੀ ਪਰੇਸ਼ਾਨੀ ਵਿੱਚ ਸੈਕਸ ਸ਼ਾਮਲ ਹੋਵੇ। ਇਸਦਾ ਇਹ ਵੀ ਮਤਲਬ ਹੈ ਕਿ ਕੋਈ ਤੁਹਾਨੂੰ ਤੰਗ ਕਰ ਰਿਹਾ ਹੈ ਕਿਉਂਕਿ ਉਹ ਸੋਚਦੇ ਹਨ ਕਿ ਤੁਸੀਂ ਉਸ ਤਰੀਕੇ ਨਾਲ ਕੰਮ ਨਹੀਂ ਕਰਦੇ ਹੋ, ਦਿਖਦੇ ਜਾਂ ਕੱਪੜੇ ਨਹੀਂ ਪਾਉਂਦੇ ਹੋ ਜਿਸ ਤਰ੍ਹਾਂ ਕਿਸੇ ਪੁਰਸ਼ (ਜਾਂ ਲੜਕੇ) ਜਾਂ ਔਰਤ (ਜਾਂ ਕੁੜੀ) ਨੂੰ ਪਾਉਣੇ ਚਾਹੀਦੇ ਹਨ।

ਲੋਕ ਤੁਹਾਨੂੰ ਇਸ ਲਈ ਵੀ ਪਰੇਸ਼ਾਨ ਕਰ ਸਕਦੇ ਹਨ ਕਿਉਂਕਿ ਤੁਸੀਂ LGBT [ਲੇਸਬਿਅਨ (ਸਮਲਿੰਗੀ ਔਰਤ), ਗੇਅ (ਸਮਲਿੰਗੀ ਪੁਰਸ਼), ਬਾਇਸੈਕਸੁਅਲ (ਦੋਵਾਂ ਲਿੰਗ ਦੇ ਵਿਅਕਤੀਆਂ ਨਾਲ ਜਿਨਸੀ ਸਬੰਧਤ ਬਣਾਉਣ ਵਾਲੇ), ਟ੍ਰਾਂਸਜੇਂਡਰ (ਵਿਪਰੀਤ ਲਿੰਗੀ)] ਹੋ।

ਆਪਣੇ ਹੱਕ ਜਾਣੋ

ਓਨਟੈਰੀਓ ਮਨੁੱਖੀ ਹੱਕਾਂ ਦੀ ਨਿਯਮਾਵਲੀ (Human Rights Code) ਕਹਿੰਦੀ ਹੈ ਕਿ ਹਰੇਕ ਵਿਅਕਤੀ ਨੂੰ ਸੈਕਸ ਦੇ ਅਧਾਰ ਤੇ ਵਿਤਕਰੇ ਤੋਂ ਮੁਕਤ ਹੋਣ ਦਾ ਹੱਕ ਹੈ - ਅਤੇ ਇਸ ਵਿੱਚ ਜਿਨਸੀ ਪਰੇਸ਼ਾਨੀ ਵੀ ਸ਼ਾਮਲ ਹੈ। ਇਹ ਨਿਯਮਾਵਲੀ ਪੰਜ “ਸਮਾਜਕ" ਖੇਤਰਾਂ ਤੇ ਲਾਗੂ ਹੁੰਦੀ ਹੈ:

  • ਸੇਵਾਵਾਂ, ਵਸਤੂਆਂ ਅਤੇ ਸਹੂਲਤਾਂ (ਸਿੱਖਿਆ ਸਮੇਤ)
  • ਰਹਿਣ ਦੀ ਜਗ੍ਹਾ
  • ਇਕਰਾਰਨਾਮੇ
  • ਰੁਜ਼ਗਾਰ
  • ਵਿਵਸਾਇਕ ਐਸੋਸਿਏਸ਼ਨਾਂ ਵਿੱਚ ਮੈਂਬਰਸ਼ਿਪਾਂ ਜਿਵੇਂ ਕਿ ਵਪਾਰਕ ਯੂਨੀਅਨਾਂ।

ਕਦੇ-ਕਦੇ ਜਦੋਂ ਕੋਈ ਵਿਅਕਤੀ ਜਿਨਸੀ ਪਰੇਸ਼ਾਨੀ ਬਾਰੇ ਬੋਲਦਾ ਹੈ ਤਾਂ ਉਹਨਾਂ ਨਾਲ "ਬਦਲੇ ਦੀ ਕਾਰਵਾਈ" ਹੋ ਸਕਦੀ ਹੈ ਜਾਂ ਸਜ਼ਾ ਦਿੱਤੀ ਜਾ ਸਕਦੀ ਹੈ। ਨਿਯਮਾਵਲੀ ਬਦਲੇ ਦੀ ਕਾਰਵਾਈ ਤੋਂ ਵਰਜਦੀ ਹੈ, ਜਿਸ ਵਿੱਚ ਕਿਸੇ ਦਾ ਵਿਰੋਧ ਕਰਨਾ, ਬਹੁਤ ਜ਼ਿਆਦਾ ਜਾਂਚ-ਪੜਤਾਲ ਕਰਨੀ (ਉਦਾਹਰਨ ਲਈ, ਕੰਮ ਦੇ ਸਥਾਨ ਤੇ), ਕਿਸੇ ਨੂੰ ਸਮਾਜਕ ਤੌਰ ਤੇ ਬਾਹਰ ਕਰਨਾ ਜਾਂ ਦੂਜੇ ਨਕਾਰਾਤਮਕ ਵਿਹਾਰ ਸ਼ਾਮਲ ਹਨ ਕਿਉਂਕਿ ਕਿਸੇ ਨੇ ਜਿਨਸੀ ਸਬੰਧ ਬਣਾਉਣ ਦੀ ਕੋਸ਼ਿਸ਼ ਜਾਂ ਦੂਜੇ ਪ੍ਰਸਤਾਵਾਂ (ਜਿਵੇਂ ਕਿ ਮਿਲਣ ਦਾ ਸਮਾਂ) ਨੂੰ ਠੁਕਰਾਇਆ ਹੈ।

ਉਦਾਹਰਨ: ਜਦੋਂ ਇੱਕ ਮਕਾਨ-ਮਾਲਕ ਨੇ ਉਸਦੀਆਂ ਜਿਨਸੀ ਸਬੰਧ ਬਣਾਉਣ ਦੀ ਕੋਸ਼ਿਸ਼ਾਂ ਨੂੰ ਮਨ੍ਹਾਂ ਕਰਨ ਕਰਕੇ ਇੱਕ ਜਵਾਨ ਇਕੱਲੀ ਮਾਂ ਤੋਂ ਮਕਾਨ ਖਾਲੀ ਕਰਵਾ ਲਿਆ ਤਾਂ ਟ੍ਰਿਬਿਊਨਲ ਨੂੰ ਪਤਾ ਲੱਗਾ ਕਿ ਉਹ ਜਿਨਸੀ ਤੌਰ ਤੇ ਪਰੇਸ਼ਾਨ ਕਰਦਾ ਸੀ, ਜਿਨਸ ਸਬੰਧ ਬਣਾਉਣ ਦੀਆਂ ਬੇਨਤੀਆਂ ਕਰਦਾ ਸੀ ਅਤੇ ਬਦਲੇ ਦੀ ਕਾਰਵਾਈ ਕਰਦਾ ਸੀ।

ਉਲੰਘਣਾ ਹੋਣ ਵਾਸਤੇ ਜਾਂ ਨਿਯਮਾਵਲੀ ਦੇ ਤਹਿਤ ਆਪਣੇ ਹੱਕਾਂ ਦੀ ਮੰਗ ਕਰਨ ਵਾਸਤੇ ਇਹ ਜ਼ਰੂਰੀ ਨਹੀਂ ਹੈ ਕਿ ਪਰੇਸ਼ਾਨ ਕਰਨ ਦੀ ਘਟਨਾ ਤੁਹਾਡੇ ਨਾਲ ਹੋਈ ਹੋਵੇ। ਹੋ ਸਕਦਾ ਹੈ ਤੁਸੀਂ ਅਸੁਰੱਖਿਅਤ ਸਥਿਤੀ ਵਿੱਚ ਹੋਵੋ ਅਤੇ ਬੋਲਣ ਤੋਂ ਡਰਦੇ ਹੋਵੋ। ਕੁਝ ਲੋਕ ਸ਼ਾਇਦ ਪਰੇਸ਼ਾਨੀ ਨੂੰ ਸਹਿੰਦੇ ਰਹਿ ਸਕਦੇ ਹਨ ਕਿਉਂਕਿ ਉਹਨਾਂ ਨੂੰ ਚਿੰਤਾ ਹੁੰਦੀ ਹੈ ਕਿ ਜੇ ਉਹ ਇਤਰਾਜ਼ ਕਰਨਗੇ ਤਾਂ ਕੀ ਹੋਵੇਗਾ। ਪਰ ਇਹਨਾਂ ਮਾਮਲਿਆਂ ਵਿੱਚ, ਇਹ ਤਾਂ ਵੀ ਜਿਨਸੀ ਪਰੇਸ਼ਾਨੀ ਹੈ ਅਤੇ ਇਹ ਅਜੇ ਵੀ ਕਾਨੂੰਨ ਦੇ ਵਿਰੁੱਧ ਹੈ।

ਉਦਾਹਰਨ: ਇੱਕ ਪ੍ਰਾਪਰਟੀ ਮੈਨੇਜਰ ਅਤੇ ਪ੍ਰਾਪਰਟੀ ਮੈਨੇਜਮੈਂਟ ਕੰਪਨੀ ਨੂੰ ਇੱਕ ਜਵਾਨ ਔਰਤ ਕਿਰਾਏਦਾਰ ਦੀ ਜਿਨਸੀ ਪਰੇਸ਼ਾਨੀ ਲਈ ਜੁੰਮੇਵਾਰ ਮੰਨਿਆ ਗਿਆ ਕਿਉਂਕਿ ਮੈਨੇਜਰ ਨੇ ਉਸ ਨਾਲ ਅਣਉਚਿਤ ਵਿਹਾਰ ਕੀਤਾ ਸੀ। ਅਣਚਾਹੀਆਂ ਸੈਕਸ ਸਬੰਧੀ ਟਿੱਪਣੀਆਂ ਕਰਨ ਦੇ ਨਾਲ-ਨਾਲ, ਉਸ ਨੇ ਉਸ ਔਰਤ ਨਾਲ ਜ਼ਬਰਦਸਤੀ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਉਸਦੀ "ਖੁੱਲ੍ਹਾ ਦਰਵਾਜ਼ਾ" ਨੀਤੀ ਵਿੱਚ, ਉਹਦੇ ਦੁਆਰਾ ਸੈਕਸ ਕਰਦੇ ਸਮੇਂ ਆਪਣਾ ਹਾਲ ਵੱਲ ਦਾ ਸਾਂਝਾ ਦਰਵਾਜ਼ਾ ਖੋਲ੍ਹ ਕੇ ਰੱਖਣਾ ਸ਼ਾਮਲ ਸੀ।

ਜਿਨਸੀ ਪਰੇਸ਼ਾਨੀ ਵਧੇਰੇ ਹਲਕੀ ਵੀ ਹੋ ਸਕਦੀ ਹੈ:

ਉਦਾਹਰਨ: ਇੱਕ ਟ੍ਰਿਬਿਊਨਲ ਨੇ ਕਿਹਾ ਕਿ ਇੱਕ ਰੁਜ਼ਗਾਰਦਾਤੇ ਨੇ ਇੱਕ ਕਰਮਚਾਰੀ ਨੂੰ ਉਸ ਸਮੇਂ ਜਿਨਸੀ ਤੌਰ ਤੇ ਪਰੇਸ਼ਾਨ ਕੀਤਾ ਜਦੋਂ ਉਸ ਨੇ ਉਸਦੀ ਸਰੀਰਕ ਦਿਖਾਵਟ ਬਾਰੇ ਗੱਲਾਂ ਕੀਤੀਆਂ, ਜਿਵੇਂ ਕਿ "ਓਹ ਤੂੰ ਅੱਜ ਸੋਹਣੀ ਨਹੀਂ ਲਗਦੀ; ਤੈਨੂੰ ਇਹ ਕੱਪੜੇ ਨਹੀਂ ਪਾਉਣੇ ਚਾਹੀਦੇ, ਇਹ ਤੇਰੇ ਤੇ ਚੰਗੇ ਨਹੀਂ ਲਗਦੇ, ਇਹ ਨਾਇਲਨ ਇਸ ਸਕਰਟ ਦੇ ਨਾਲ ਨਹੀਂ ਜਚਦਾ..."

ਜਿਨਸੀ ਸਬੰਧੀ ਬਣਾਉਣ ਦੀਆਂ ਕੋਸ਼ਿਸ਼ਾਂ ਜਾਂ ਟਿੱਪਣੀਆਂ ਅਧਿਕਾਰਕ ਸਥਿਤੀ ਵਾਲੇ ਲੋਕਾਂ ਦੁਆਰਾ ਵੀ ਕੀਤੀਆਂ ਜਾ ਸਕਦੀਆਂ ਹਨ:

ਉਦਾਹਰਨ: ਓਨਟੈਰੀਓ ਕਾਲਜ ਆਫ਼ ਟੀਚਰ ਨੇ ਇੱਕ 29 ਸਾਲ ਦੇ ਟੀਵਰ ਦਾ ਲਾਇਸੈਂਸ ਵਾਪਸ ਲੈ ਲਿਆ ਕਿਉਂਕਿ ਉਸ ਨੇ ਈਮੇਲ ਰਾਹੀਂ ਇੱਕ ਵਿਦਿਆਰਥਣ ਨੂੰ ਜਿਸਨੀ ਤੌਰ ਤੇ ਪਰੇਸ਼ਾਨ ਕੀਤਾ ਸੀ। ਅਧਿਆਪਕ ਨੇ ਇੱਕ ਝੂਠੇ ਨਾਮ ਦੀ ਵਰਤੋਂ ਕੀਤੀ ਅਤੇ ਵਿਦਿਆਰਥਣ ਨੂੰ ਸੁਨੇਹੇ ਭੇਜੇ ਜਿਸ ਵਿੱਚ ਕਿਹਾ ਕਿ ਅੱਜ ਉਸ ਨੇ ਕਿਹੜੇ ਕੱਪੜੇ ਪਾਏ ਹੋਏ ਸਨ, ਉਹ ਕਿਸ ਰਸਤੇ ਸਕੂਲ ਆਈ, ਅਤੇ ਇਸ ਵਿਚ ਸੈਕਸ ਸਬੰਧੀ ਸੁਝਾਵ ਸਨ।

ਉਦਾਹਰਨ: ਇੱਕ ਨਿਗਰਾਨ ਪੁਲੀਸ ਸਾਰਜੈਂਟ ਇੱਕ ਨੌਜਵਾਨ ਔਰਤ ਕਾਂਸਟੇਬਲ ਦੇ ਨਾਲ ਜਿਨਸੀ ਸਬੰਧ ਬਣਾਉਣ ਦੀਆਂ ਕੋਸ਼ਿਸ਼ ਕਰਦਾ ਹੈ। ਜਦੋਂ ਉਹ ਦਿਲਚਸਪੀ ਨਹੀਂ ਦਿਖਾਉਂਦੀ, ਤਾਂ ਉਹ ਉਸਦੇ ਕੰਮ ਦੀ ਬਹੁਤ ਜ਼ਿਆਦਾ ਜਾਂਚ-ਪੜਤਾਲ ਕਰਦਾ ਹੈ, ਉਸ ਤੇ ਨਾਲਾਇਕ ਹੋਣ ਦਾ ਦੋਸ਼ ਲਗਾਉਂਦਾ ਹੈ, ਅਤੇ ਉਸ ਨੂੰ ਸਹਿ ਕਰਮਚਾਰੀਆਂ ਦੇ ਸਾਹਮਣੇ “ਪੁਲੀਸ ਕਾਂਸਟੇਬਲ” ਜਾਂ “ਪੀਸੀ” ਦੀ ਬਜਾਏ “ਮਿਸਿਜ਼.” ਕਹਿ ਕੇ ਬੁਲਾਉਂਦਾ ਹੈ।

ਪਰੇਸ਼ਾਨੀ, ਸਕੂਲਾਂ ਵਿੱਚ ਅਤੇ ਕਈ ਹੋਰ ਸਥਾਨਾਂ ਤੇ ਡਰਾਉਣ-ਧਮਕਾਉਣ ਦੇ ਰੂਪ ਵਿੱਚ ਵੀ ਹੋ ਸਕਦੀ ਹੈ, ।

ਉਦਾਹਰਨ: ਕਿਸੇ ਵਿਰੋਧੀ ਨੂੰ ਦੁੱਖ ਪਹੁੰਚਾਉਣ ਲਈ, ਇੱਕ ਕੁੜੀ ਅਫਵਾਹ ਫੈਲਾਉਣੀ ਸ਼ੁਰੂ ਕਰ ਦਿੰਦੀ ਹੈ ਕਿ ਇੱਕ ਹੋਰ ਕੁੜੀ ਖੁੱਲ੍ਹੇ ਜਿਨਸੀ ਸੰਬੰਧ ਰੱਖਦੀ ਹੈ ਅਤੇ ਸਕੂਲ ਦੇ ਪਿੱਛੇ ਮੁੰਡਿਆਂ ਨਾਲ ਸੈਕਸ ਕਰਦੀ ਹੈ।

ਉਦਾਹਰਨ: ਇੱਕ ਅਸੰਤੁਸ਼ਟ ਕਰਮਚਾਰੀ ਆਪਣੀ ਔਰਤ ਡਾਇਰੈਕਟਰ ਬਾਰੇ ਅਫਵਾਹਾਂ ਫੈਲਾਉਂਦਾ ਹੈ ਕਿ ਉਸ ਦਾ ਕੰਪਨੀ ਦੇ ਪ੍ਰੈਜੀਡੈਂਟ ਨਾਲ ਪ੍ਰੇਮ-ਸਬੰਧ ਚੱਲ ਰਿਹਾ ਹੈ ਅਤੇ ਉਹ ਸਿਰਫ਼ ਇਸ ਕਾਰਨ ਸਫਲ ਹੋਈ ਹੈ ਕਿਉਂਕਿ ਉਸ ਨੇ "ਰਾਤਾਂ ਗੁਜ਼ਾਰ ਕੇ ਤਰੱਕੀ ਹਾਸਲ ਕੀਤੀ" ਹੈ।

ਤੁਸੀਂ ਕੀ ਕਰ ਸਕਦੇ ਹੋ

ਜੇ ਤੁਹਾਨੂੰ ਜਾਂ ਤੁਹਾਡੀ ਜਾਣ-ਪਛਾਣ ਦੇ ਕਿਸੇ ਵਿਅਕਤੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਤਾਂ ਤੁਸੀਂ ਉਸ ਵਿਅਕਤੀ ਨੂੰ ਇਹ ਬੰਦ ਕਰਨ ਲਈ ਕਹਿ ਸਕਦੇ ਹੋ ਅਤੇ ਅਧਿਕਾਰਕ ਸਥਿਤੀ ਵਾਲੇ ਕਿਸੇ ਵਿਅਕਤੀ ਨੂੰ ਇਸਨੂੰ ਬੰਦ ਕਰਨ ਵਾਸਤੇ ਕਦਮ ਚੁੱਕਣ ਲਈ ਕਹਿ ਸਕਦੇ ਹੋ।

ਜਿਨਸੀ ਪਰੇਸ਼ਾਨੀ ਨੂੰ ਰੋਕਣਾ ਅਤੇ ਇਸ ਤੇ ਪ੍ਰਤੀਕਿਰਿਆ ਕਰਨਾ, ਰੁਜ਼ਗਾਰਦਾਤਿਆਂ, ਰਿਹਾਇਸ਼ ਮੁਹੱਈਆ ਕਰਨ ਵਾਲਿਆਂ ਅਤੇ ਸਿੱਖਿਆ ਮੁਹੱਈਆ ਕਰਨ ਵਾਲਿਆਂ ਅਤੇ ਓਨਟੈਰੀਓ ਵਿੱਚ ਸੇਵਾਵਾਂ ਮੁਹੱਈਆ ਕਰਨ ਵਾਲਿਆਂ ਦਾ ਕਾਨੂੰਨੀ ਫਰਜ਼ ਹੈ ਅਤੇ ਉਹਨਾਂ ਨੂੰ ਇਹ ਜ਼ਰੂਰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮਨੁੱਖੀ ਹੱਕਾਂ ਦੀ ਸੁਰੱਖਿਆ ਕੀਤੀ ਜਾਂਦੀ ਹੈ, ਭਾਵੇਂ ਕਿਸੇ ਨੇ ਵੀ ਮਨੁੱਖੀ ਹੱਕਾਂ ਸਬੰਧੀ ਮੁੱਦਾ ਨਾ ਉਠਾਇਆ ਹੋਏ।

ਰੁਜ਼ਗਾਰਦਾਤਿਆਂ, ਰਿਹਾਇਸ਼ ਮੁਹੱਈਆ ਕਰਨ ਵਾਲੇ, ਮੁਹੱਈਆ ਕਰਨ ਵਾਲਿਆਂ ਅਤੇ ਹੋਰ ਲੋਕ ਹੇਠਾਂ ਲਿਖੇ ਕੰਮਾਂ ਦੁਆਰਾ ਮਨੁੱਖੀ ਹੱਕਾਂ ਦੀ ਸੁਰੱਖਿਆ ਕਰ ਸਕਦੇ ਹਨ ਅਤੇ ਦਾਅਵਿਆਂ ਨੂੰ ਇਨ੍ਹਾਂ ਤਰੀਕਿਆਂ ਨਾਲ ਰੋਕ ਸਕਦੇ ਹਨ:

  • ਵਿਤਕਰੇ ਅਤੇ ਪਰੇਸ਼ਾਨੀ ਨਾਲ ਨਿਪਟਣ ਵਾਸਤੇ ਪ੍ਰਕਿਰਿਆਵਾਂ ਸਥਾਪਿਤ ਕਰਨੀਆਂ
  • ਮਨੁੱਖੀ ਹੱਕਾਂ ਦੇ ਮੁੱਦਿਆਂ ਦੇ ਪੈਦਾ ਹੋਣ ਤੇ ਜਲਦੀ ਨਾਲ ਕਾਰਵਾਈ ਕਰਨੀ ਅਤੇ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣਾ
  • ਮੁੱਦੇ/ਸ਼ਿਕਾਇਤ ਨਾਲ ਨਿਪਟਣ ਵਾਸਤੇ ਸ੍ਰੋਤ ਉਪਲਬਧ ਕਰਵਾਉਣੇ
  • ਸ਼ਿਕਾਇਤ ਕਰਨ ਵਾਲੇ ਵਿਅਕਤੀ ਨੂੰ ਮੁੱਦੇ ਨਾਲ ਨਿਪਟਣ ਲਈ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਦੱਸਣਾ।

ਜੇ ਪਰੇਸ਼ਾਨੀ ਜਾਰੀ ਰਹਿੰਦੀ ਹੈ ਜਾਂ ਇਸ ਨਾਲ ਢੁਕਵੇਂ ਤਰੀਕੇ ਨਾਲ ਨਿਪਟਿਆ ਨਹੀਂ ਜਾਂਦਾ ਹੈ, ਤਾਂ ਤੁਸੀਂ ਓਨਟੈਰੀਓ ਦੇ ਹਿਊਮਨ ਰਾਈਟਸ ਟ੍ਰਿਬਿਊਨਲ (Human Rights Tribunal) ਕੋਲ ਮਨੁੱਖੀ ਹੱਕਾਂ ਦਾ ਕਲੇਮ ਦਾਇਰ ਕਰ ਸਕਦੇ ਹੋ।

ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਪਰੇਸ਼ਾਨ ਕਰਨ ਵਾਲਾ ਵਿਹਾਰ ਬਦਤਰ ਹੁੰਦਾ ਜਾ ਰਿਹਾ ਹੈ, ਜਾਂ ਤੁਹਾਡੀ ਸੁਰੱਖਿਆ ਨੂੰ ਖਤਰਾ ਹੈ, ਤਾਂ ਤੁਸੀਂ ਪੁਲੀਸ ਨਾਲ ਸੰਪਰਕ ਕਰ ਸਕਦੇ ਹੋ।

ਵਧੇਰੇ ਜਾਣਕਾਰੀ ਲਈ:

ਇਸ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਕਿ ਜਿਨਸੀ ਅਤੇ ਲਿੰਗ ਅਧਾਰਤ ਪਰੇਸ਼ਾਨੀ ਨੂੰ ਰੋਕਣ ਅਤੇ ਇਸ ਵੱਲ ਧਿਆਨ ਦੇਣ ਲਈ ਤੁਸੀਂ ਕੀ ਕਰ ਸਕਦੇ ਹੋ, www.ohrc.on.ca ਤੇ ਓਨਟੈਰੀਓ ਹਿਊਮਨ ਰਾਈਟਸ ਕਮੀਸ਼ਨ ਦੀ ਜਿਨਸੀ ਅਤੇ ਲਿੰਗ ਅਧਾਰਤ ਪਰੇਸ਼ਾਨੀ ਨੂੰ ਰੋਕਣ ਬਾਰੇ ਨੀਤੀ (Policy on preventing sexual and gender-based harassment) ਦੇਖੋ।

ਓਨਟੈਰੀਓ ਵਿੱਚ ਮਨੁੱਖੀ ਹੱਕਾਂ ਦੀ ਪ੍ਰਣਾਲੀ ਬਾਰੇ ਹੋਰ ਜਾਣਕਾਰੀ ਲਈ, ਇਸ ਵੈਬਸਾਈਟ ਤੇ ਜਾਓ:
www.ontario.ca/humanrights

ਮਨੁੱਖੀ ਹੱਕਾਂ ਸਬੰਧੀ ਦਾਅਵਾ (ਜਿਸਨੂੰ ਦਰਖਾਸਤ ਕਿਹਾ ਜਾਂਦਾ ਹੈ) ਕਰਨ ਲਈ ,ਓਨਟੈਰੀਓ ਦੇ ਹਿਊਮਨ ਰਾਈਟਸ ਟ੍ਰਿਬਿਊਨਲ ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-598-0322
TTY: 416-326-2027 ਜਾਂ ਟੌਲ-ਫ੍ਰੀ: 1-866-607-1240
ਵੈਬਸਾਈਟ: www.hrto.ca

ਜੇ ਤੁਹਾਨੂੰ ਮਨੁੱਖੀ ਹੱਕਾਂ ਦੀ ਦਰਖਾਸਤ ਬਾਰੇ ਕਾਨੂੰਨੀ ਮਦਦ ਦੀ ਲੋੜ ਹੈ, ਤਾਂ ਹਿਊਮਨ ਰਾਈਟਸ ਦੇ ਲੀਗਲ ਸਪੋਰਟ ਸੈਂਟਰ (ਕਾਨੂੰਨੀ ਸਹਾਇਤਾ ਕੇਂਦਰ) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-625-5179
ਟੋਲ ਫ਼੍ਰੀ TTY: 1-866-612-8627
ਵੈਬਸਾਈਟ: www.hrlsc.on.ca

ਮਨੁੱਖੀ ਹੱਕਾਂ ਬਾਰੇ ਨੀਤੀਆਂ, ਸੇਧਾਂ ਅਤੇ ਹੋਰ ਜਾਣਕਾਰੀ ਲਈ, ਓਨਟੈਰੀਓ ਹਿਊਮਨ ਰਾਈਟਸ ਕਮੀਸ਼ਨ ਦੀ ਵੈਬਸਾਈਟ www.ohrc.on.ca ਤੇ ਜਾਉ

ISBN/ISSN
PRINT: 978-1-4435-8770-9 | HTML: 978-1-4435-8771-6 | PDF: 978-1-4435-8772-3