Skip to main content

Racial harassment: know your rights (brochure)

ਨਸਲੀ ਪਰੇਸ਼ਾਨੀ ਕੀ ਹੁੰਦੀ ਹੈ?

ਨਸਲੀ ਪਰੇਸ਼ਾਨੀ ਦਾ ਅਰਥ ਹੈ ਕੋਈ ਵਿਅਕਤੀ, ਤੁਹਾਡੀਆਂ ਹੇਠਾਂ ਦਿੱਤੀਆਂ ਸਮਝੀਆਂ ਗਈਆਂ ਵਿਸ਼ੇਸ਼ਤਾਵਾਂ ਦੇ ਕਾਰਨ ਤੁਹਾਨੂੰ ਤੰਗ ਕਰ ਰਿਹਾ ਹੈ, ਧਮਕੀ ਦੇ ਰਿਹਾ ਹੈ ਜਾਂ ਤੁਹਾਡੇ ਨਾਲ ਪੱਖਪਾਤੀ ਵਿਹਾਰ ਕਰ ਰਿਹਾ ਹੈ:

  • ਨਸਲ
  • ਰੰਗ
  • ਖਾਨਦਾਨ
  • ਜਨਮ ਦਾ ਦੇਸ਼
  • ਨਸਲੀ ਮੂਲ
  • ਸੰਪਰਦਾ
  • ਨਾਗਰਿਕਤਾ।

ਨਸਲੀ ਪਰੇਸ਼ਾਨੀ ਉੱਪਰ ਦਿੱਤੀਆਂ ਵਿਸ਼ੇਸ਼ਤਾਵਾਂ ਦੇ ਕਿਸੇ ਵੀ ਸੁਮੇਲ ਦੇ ਅਧਾਰ ਤੇ ਹੋ ਸਕਦੀ ਹੈ। ਇਹ ਉਹਨਾਂ ਨਾਲ ਸਬੰਧਤ ਚੀਜ਼ਾਂ ਦੇ ਕਾਰਨ ਵੀ ਹੋ ਸਕਦੀ ਹੈ, ਜਿਵੇਂ ਕਿ ਜੇ ਤੁਸੀਂ ਆਪਣੇ ਪਿਛੋਕੜ ਨਾਲ ਸਬੰਧਤ ਕੱਪੜੇ ਪਹਿਨਦੇ ਹੋ, ਕਿਸੇ ਖਾਸ ਉਚਾਰਨ ਢੰਗ ਨਾਲ ਬੋਲਦੇ ਹੋ ਜਾਂ ਕਿਸੇ ਖਾਸ ਧਰਮ ਦਾ ਪਾਲਣ ਕਰਦੇ ਹੋ।

ਇਹਨਾਂ ਵਿੱਚੋਂ ਕਿਸੇ ਵੀ ਕਾਰਨ ਕਰਕੇ ਕਿਸੇ ਵੀ ਦੁਆਰਾ ਤੁਹਾਨੂੰ ਪਰੇਸ਼ਾਨ ਕਰਨਾ, ਤੁਹਾਨੂੰ ਬੇਇੱਜ਼ਤ ਕਰਨਾ, ਜਾਂ ਤੁਹਾਡੇ ਨਾਲ ਪੱਖਪਾਤੀ ਵਿਹਾਰ ਕਰਨਾ ਕਾਨੂੰਨ ਦੇ ਵਿਰੁੱਧ ਹੈ। 

ਓਨਟੈਰੀਓ ਮਨੁੱਖੀ ਹੱਕਾਂ ਦੀ ਨਿਯਮਾਵਲੀ (ਨਿਯਮਾਵਲੀ) ਨਸਲੀ ਪਰੇਸ਼ਾਨੀ ਜਾਂ ਵਿਤਕਰੇ ਤੋਂ ਤੁਹਾਡੀ ਸੁਰੱਖਿਆ ਕਰਦੀ ਹੈ। ਜਿੱਥੇ ਤੁਸੀਂ ਕੰਮ ਕਰਦੇ, ਰਹਿੰਦੇ ਜਾਂ ਸੇਵਾ ਪ੍ਰਾਪਤ ਕਰਦੇ ਹੋ ਉੱਥੇ ਤੁਹਾਡੇ ਹੱਕ ਸੁਰੱਖਿਅਤ ਹਨ। ਇਹਨਾਂ ਸੇਵਾਵਾਂ ਵਿੱਚ ਰੇਸਟੋਰੈਂਟ, ਦੁਕਾਨਾਂ ਅਤੇ ਸ਼ਾਪਿੰਗ ਮਾਲ, ਹੋਟਲ, ਹਸਪਤਾਲ, ਮਨੋਰੰਜਨ ਸਹੂਲਤਾਂ ਅਤੇ ਸਕੂਲਾਂ ਵਰਗੇ ਸਥਾਨ ਸ਼ਾਮਲ ਹਨ। ਨਿਯਮਾਵਲੀ ਤੁਹਾਡੀ ਉਸ ਵੇਲੇ ਵਿਤਕਰੇ ਅਤੇ ਪਰੇਸ਼ਾਨੀ ਤੋਂ ਵੀ ਸੁਰੱਖਿਆ ਕਰਦੀ ਹੈ ਜਦੋਂ ਤੁਸੀਂ ਕੋਈ ਇਕਰਾਰਨਾਮੇ ਤੇ ਦਸਤਖਤ ਕਰਦੇ ਹੋ ਜਾਂ ਕਿਸੇ ਯੂਨੀਅਨ, ਵਪਾਰਕ ਜਾਂ ਵਿਵਸਾਇਕ ਐਸੋਸਿਏਸ਼ਨ ਦੇ ਮੈਂਬਰ ਹੋ।

ਨਸਲੀ ਪਰੇਸ਼ਾਨੀ ਉਸ ਵੇਲੇ ਹੋ ਸਕਦੀ ਹੈ ਜਦੋਂ ਉਸ ਸਥਾਨ, ਜਿੱਥੇ ਤੁਸੀਂ ਕੰਮ ਕਰਦੇ ਹੋ, ਰਹਿੰਦੇ ਹੋ ਜਾਂ ਸੇਵਾ ਪ੍ਰਾਪਤ ਕਰਦੇ ਹੋ, ਤੇ ਕੋਈ ਵਿਅਕਤੀ:

  • ਨਸਲੀ ਤੁਹਮਤਾਂ ਲਗਾਉਂਦਾ ਹੈ ਜਾਂ "ਚੁਟਕਲੇ" ਬੋਲਦਾ ਹੈ
  • ਤੁਹਾਡੀ ਨਸਲੀ ਪਛਾਣ ਦੇ ਕਾਰਨ ਤੁਹਾਡਾ ਮਜ਼ਾਕ ਉਡਾਉਂਦਾ ਹੈ ਜਾਂ ਤੁਹਾਡੀ ਬੇਇੱਜ਼ਤੀ ਕਰਦਾ ਹੈ
  • ਕੰਮ ਕਰਨ ਦੇ ਸਥਾਨ, ਸਕੂਲ ਜਾਂ ਰਿਹਾਇਸ਼ੀ ਸਥਾਨ ਤੇ ਕਿਸੇ ਖਾਸ ਨਸਲੀ ਸਮੂਹ ਦੇ ਵਿਅਕਤੀਆਂ ਨੂੰ ਨੀਵਾਂ ਦਖਾਉਣ ਵਾਲੇ ਕਾਰਟੂਨ ਜਾਂ ਤਸਵੀਰਾਂ ਪੋਸਟ ਕਰਦਾ ਹੈ
  • ਤੁਹਾਡੀ ਨਸਲ, ਰੰਗ, ਨਾਗਰਿਕਤਾ, ਜਨਮ ਦੇ ਸਥਾਨ, ਖਾਨਦਾਨ, ਜਾਂ ਨਸਲੀ ਪਿਛੋਕੜ ਜਾਂ ਸੰਪਰਦਾ ਦੇ ਕਾਰਨ ਤੁਹਾਡੇ ਭੱਦੇ ਨਾਮ ਰੱਖਦਾ ਹੈ।

ਕਦੇ-ਕਦੇ ਨਸਲੀ ਪਰੇਸ਼ਾਨੀ ਵਿੱਚ ਤੁਹਾਡੀ ਨਸਲ ਨਾਲ ਸਬੰਧਤ ਸ਼ਬਦ ਜਾਂ ਕਾਰਵਾਈਆਂ ਸਿੱਧੇ ਤੌਰ ਤੇ ਸ਼ਾਮਲ ਨਹੀਂ ਹੁੰਦੀਆਂ ਹਨ। ਇਹ ਵੀ ਹੋ ਸਕਦਾ ਹੈ ਕਿ ਕੋਈ ਵਿਅਕਤੀ ਤੁਹਾਡੇ ਪਿਛੋਕੜ ਦੇ ਕਾਰਨ ਸ਼ਰਮਿੰਦਾ ਕਰਨ ਵਾਲਾ ਵਿਹਾਰ ਕਰਨ ਲਈ ਤੁਹਾਨੂੰ ਪੱਖਪਾਤੀ ਤਰੀਕੇ ਨਾਲ ਵੱਖਰਾ ਕਰਦਾ ਹੈ।

ਵਿਗੜਿਆ ਮਾਹੌਲ

ਨਸਲੀ ਪਰੇਸ਼ਾਨੀ ਦਾ ਉਸ ਸਥਾਨ, ਜਿੱਥੇ ਤੁਸੀਂ ਰਹਿੰਦੇ ਹੋ, ਕੰਮ ਕਰਦੇ ਹੋ ਜਾਂ ਸੇਵਾਵਾਂ ਪ੍ਰਾਪਤ ਕਰਦੇ ਹੋ, ਤੇ ਬੁਰਾ ਪ੍ਰਭਾਵ ਹੋ ਸਕਦਾ ਹੈ, ਜਾਂ ਇਹ ਉਸ ਸਥਾਨ ਨੂੰ "ਵਿਗਾੜ" ਸਕਦੀ ਹੈ। ਭਾਵੇਂ ਪਰੇਸ਼ਾਨੀ ਸਿੱਧਾ ਤੁਹਾਡੇ ਵੱਲ ਨਿਰਦੇਸ਼ਿਤ ਨਾ ਹੋਵੇ, ਇਹ ਤਾਂ ਵੀ ਤੁਹਾਡੇ ਅਤੇ ਦੂਜਿਆਂ ਲਈ ਮਾਹੌਲ ਨੂੰ ਵਿਗਾੜ ਸਕਦੀ ਹੈ। ਇਹ ਮਿਲ ਕੇ ਰਹਿਣਾ ਅਤੇ ਕੰਮ ਕਰਨਾ ਬਹੁਤ ਮੁਸ਼ਕਲ ਬਣਾ ਸਕਦੀ ਹੈ।

ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਮਾਹੌਲ ਵਿਗੜ ਗਿਆ ਹੈ? ਇੱਕ ਤਰੀਕਾ ਹੈ ਨਕਾਰਾਤਮਕ ਟਿੱਪਣੀਆਂ ਜਾਂ ਕੰਮਾਂ ਦੇ ਪ੍ਰਭਾਵਾਂ ਨੂੰ ਦੇਖਣਾ। ਉਦਾਹਰਨ ਲਈ, ਜੇ ਕੋਈ ਖਾਸ ਨਸਲੀ ਤੁਹਮਤਾਂ, ਕੰਮ ਜਾਂ "ਚੁਟਕਲੇ" ਤੁਹਾਨੂੰ ਜਾਂ ਦੂਜਿਆਂ ਨੂੰ ਕੰਮ ਦੇ ਸਥਾਨ ਤੇ ਬੇਅਰਾਮ ਕਰਦੇ ਹਨ ਜਾਂ ਕੰਮ ਤੇ ਜਾਣ ਤੋਂ ਡਰਾਉਂਦੇ ਹਨ, ਤਾਂ ਇਹ ਦਿਖਾ ਸਕਦਾ ਹੈ ਕਿ ਕੰਮ ਦਾ ਮਾਹੌਲ ਵਿਗੜ ਗਿਆ ਹੈ।

ਮੈਂ ਕੀ ਕਰ ਸਕਦਾ/ਸਕਦੀ ਹਾਂ?

ਜੋ ਵਿਅਕਤੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਉਹ ਇਹਨਾਂ ਵਿੱਚੋਂ ਕੋਈ ਹੋ ਸਕਦਾ ਹੈ:

  • ਤੁਹਾਡਾ ਮੈਨੇਜਰ ਜਾਂ ਸਾਥੀ ਕਰਮਚਾਰੀ
  • ਕੋਈ ਦਰਬਾਨ, ਬਿਲਡਿੰਗ ਮੈਨੇਜਰ ਕਾਂ ਇਮਾਰਤ ਦਾ ਮਾਲਕ
  • ਤੁਹਾਡਾ ਅਧਿਆਪਕ
  • ਤੁਹਾਡੀ ਇਮਾਰਤ ਵਿੱਚ ਰਹਿ ਰਿਹਾ ਕੋਈ ਵਿਅਕਤੀ।

ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਪਰੇਸ਼ਾਨ ਕੀਤਾ ਗਿਆ ਹੈ, ਤਾਂ ਤੁਸੀਂ ਉਸ ਵਿਅਕਤੀ ਨੂੰ ਇਹ ਵਿਹਾਰ ਬੰਦ ਕਰਨ ਲਈ ਕਹਿਣ ਦੀ ਕੋਸ਼ਿਸ ਕਰ ਸਕਦੇ ਹੋ। ਹੋ ਸਕਦਾ ਹੈ ਤੁਸੀਂ ਮਹਿਸੂਸ ਕਰੋ ਕਿ ਕੁਝ ਕਹਿਣਾ ਜਾਂ ਕਰਨਾ ਸ਼ਾਇਦ ਤੁਹਾਨੂੰ, ਤੁਹਾਡੀ ਨੌਕਰੀ ਜਾਂ ਤੁਹਾਡੀ ਰਿਹਾਇਸ਼ ਨੂੰ ਖਤਰੇ ਵਿੱਚ ਪਾ ਸਕਦਾ ਹੈ। ਇਸ ਮਾਮਲੇ ਵਿੱਚ, ਕਿਸੇ ਹੋਰ ਅਧਿਕਾਰਕ ਸਥਿਤੀ ਵਾਲੇ ਵਿਅਕਤੀ ਕੋਲ ਜਾਓ।

ਜੇ ਇਹ ਕੰਮ ਦੇ ਸਥਾਨ ਤੇ ਹੁੰਦਾ ਹੈ, ਤਾਂ ਤੁਸੀਂ ਹਿਊਮਨ ਰਿਸੋਰਸਿਜ਼ ਨਾਲ ਗੱਲ ਕਰ ਸਕਦੇ ਹੋ, ਮੈਨੇਜਰ ਨੂੰ ਦੱਸ ਸਕਦੇ ਹੋ ਜਾਂ ਆਪਣੇ ਯੂਨੀਅਨ ਦੇ ਪ੍ਰਤੀਨਿਧ ਨਾਲ ਸੰਪਰਕ ਕਰ ਸਕਦੇ ਹੋ। ਜੇ ਇਹ ਤੁਹਾਡੀ ਇਮਾਰਤ ਵਿੱਚ ਹੁੰਦਾ ਹੈ, ਤਾਂ ਤੁਸੀਂ ਮਕਾਨ-ਮਾਲਕ ਨੂੰ ਸੂਚਿਤ ਕਰ ਸਕਦੇ ਹੋ।

ਜੇ ਇਹਨਾਂ ਵਿੱਚੋਂ ਕੋਈ ਵੀ ਚੋਣ ਤੁਹਾਡੀ ਸਥਿਤੀ ਵਿੱਚ ਸੁਧਾਰ ਨਹੀਂ ਕਰਦੀ ਹੈ, ਜਾਂ ਤੁਸੀਂ ਇਹ ਕਦਮ ਚੁੱਕਣ ਤੋਂ ਡਰਦੇ ਹੋ, ਤਾਂ ਤੁਸੀਂ ਓਨਟੈਰੀਓ ਦੇ ਹਿਊਮਨ ਰਾਈਟਸ ਟ੍ਰਿਬਿਊਨਲ (Human Rights Tribunal) ਕੋਲ ਮਨੁੱਖੀ ਹੱਕਾਂ ਦੀ ਰਸਮੀ ਸ਼ਿਕਾਇਤ - ਜਿਸ ਨੂੰ ਦਰਖਾਸਤ ਕਿਹਾ ਜਾਂਦਾ ਹੈ - ਵੀ ਕਰ ਸਕਦੇ ਹੋ।

ਕੀ ਇਸ ਨੂੰ ਰੋਕਣ ਲਈ ਮੈਂ ਜੁੰਮੇਵਾਰ ਹਾਂ?

ਤੁਹਾਨੂੰ ਇਹ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੀ ਲੋੜ ਹੋ ਸਕਦੀ ਹੈ ਕਿ ਅਧਿਕਾਰਕ ਸਥਿਤੀ ਵਾਲੇ ਕਿਸੇ ਵਿਅਕਤੀ ਨੂੰ ਪਤਾ ਹੋਵੇ ਕਿ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ - ਪਰ ਇਸ ਨੂੰ ਰੋਕਣ ਲਈ ਸਿਰਫ਼ ਤੁਸੀਂ ਹੀ ਜੁੰਮੇਵਾਰ ਨਹੀਂ ਹੋ।

ਓਨਟੈਰੀਓ ਵਿੱਚ, ਰੁਜ਼ਗਾਰਦਾਤਿਆਂ, ਠੇਕਦਾਰਾਂ, ਪੇਸ਼ੇਵਰ ਐਸੋਸਿਏਸ਼ਨਾਂ, ਯੂਨੀਅਨਾਂ ਅਤੇ ਕਿਰਾਏ ਤੇ ਰਿਹਾਇਸ਼ ਅਤੇ ਦੂਜੀਆਂ ਸੇਵਾਵਾਂ ਦੇਣ ਵਾਲੇ ਲੋਕਾਂ ਨੂੰ ਇਹ ਜ਼ਰੂਰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਦੀ ਸੰਪਤੀ, ਉਹਨਾਂ ਦੇ ਕੰਮ ਕਰਨ ਦੇ ਸਥਾਨ, ਜਾਂ ਉਹਨਾਂ ਦੇ ਕੇਂਦਰਾਂ ਤੇ ਨਸਲੀ ਪਰੇਸ਼ਾਨੀ ਨਾ ਹੋਵੇ। ਉਹ ਪਰੇਸ਼ਾਨੀ ਦੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਹਨ ਅਤੇ ਉਹਨਾਂ ਨੂੰ ਇਹ ਯਕੀਨੀ ਬਣਾਉਣ ਲਈ ਕਦਮ ਜ਼ਰੂਰ ਚੁੱਕਣੇ ਚਾਹੀਦੇ ਹਨ ਕਿ ਉਹਨਾਂ ਦੇ ਵਾਤਾਵਰਨ ਹਰ ਕਿਸੇ ਲਈ ਸੁਰੱਖਿਅਤ ਅਤੇ ਅਰਾਮਦੇਹ ਹੋਣ।

ਨਸਲੀ ਪਰੇਸ਼ਾਨੀ ਦੇ ਨਤੀਜੇ ਵੱਜੋਂ ਹਿੰਸਾ ਹੋ ਸਕਦੀ ਹੈ

ਚੁੱਪ ਰਹਿਣ ਨਾਲ ਆਮ ਤੌਰ ਤੇ ਨਸਲੀ ਪਰੇਸ਼ਾਨੀ ਖਤਮ ਨਹੀਂ ਹੋਵੇਗੀ, ਅਤੇ ਕਈ ਵਾਰ ਜੇ ਕੁਝ ਨਹੀਂ ਕੀਤਾ ਜਾਂਦਾ ਹੈ, ਤਾਂ ਇਹ ਹੋਰ ਗੰਭੀਰ ਬਣ ਜਾਂਦੀ ਹੈ। ਜੇ ਤੁਸੀਂ ਬੇਆਰਾਮ ਮਹਿਸੂਸ ਕਰਦੇ ਹੋ, ਤਾਂ ਇਸਦੇ ਬਾਰੇ ਅਧਿਕਾਰਕ ਸਥਿਤੀ ਵਾਲੇ ਵਿਅਕਤੀ (ਕੋਈ ਸੁਪਰਵਾਈਜ਼ਰ, ਸਟੋਰ ਦਾ ਮਾਲਕ ਆਦਿ) ਨਾਲ ਗੱਲ ਕਰੋ।

ਜੇ ਪਰੇਸ਼ਾਨ ਕਰਨ ਵਾਲਾ ਵਿਹਾਰ ਤੁਹਾਨੂੰ ਖਤਰਾ ਮਹਿਸੂਸ ਕਰਵਾਉਂਦਾ ਹੈ ਜਾਂ ਇਸਦੇ ਨਤੀਜੇ ਵੱਜੋਂ ਹਿੰਸਾ ਹੁੰਦੀ ਹੈ, ਤਾਂ ਤੁਰੰਤ ਪੁਲੀਸ ਨੂੰ ਬੁਲਾਓ।

ਬਦਲੇ ਦੀ ਕਾਰਵਾਈ ਕਾਨੂੰਨ ਦੇ ਵਿਰੁੱਧ ਹੈ

ਨਿਯਮਾਵਲੀ ਬਦਲੇ ਦੀ ਕਾਰਵਾਈ (ਜਾਂ ਸਜ਼ਾ) ਤੋਂ ਵੀ ਤੁਹਾਡੀ ਸੁਰੱਖਿਆ ਕਰਦੀ ਹੈ। ਇਸਦਾ ਅਰਥ ਹੈ ਕਿ ਤੁਹਾਨੂੰ ਅਨੁਸਾਸ਼ਨ (ਜਾਂ ਇਸ ਦੀ ਧਮਕੀ) ਜਾਂ ਕੋਈ ਹੋਰ ਨਕਾਰਾਤਮਕ ਵਿਹਾਰ ਦਾ ਸਾਹਮਣਾ ਕੀਤੇ ਬਿਨਾਂ ਨਸਲੀ ਵਿਤਕਰੇ ਜਾਂ ਪਰੇਸ਼ਾਨੀ ਬਾਰੇ ਮੁੱਦੇ ਉਠਾਉਣ ਜਾਂ ਸ਼ਿਕਾਇਤ ਕਰਨ ਦਾ ਹੱਕ ਹੈ। ਜੇ ਤੁਸੀਂ ਆਪਣੇ ਕੰਮ ਕਰਨ ਦੇ ਸਥਾਨ ਤੇ, ਆਪਣੀ ਰਿਹਾਇਸ਼ ਵਿੱਚ ਜਾਂ ਸੇਵਾਵਾਂ ਵਿੱਚ ਅਤੇ ਕੋਈ ਰਸਮੀ ਸ਼ਿਕਾਇਤ ਕਰਦੇ ਸਮੇਂ ਜਿਵੇਂ ਕਿ ਓਨਟੈਰੀਓ ਦੇ ਹਿਊਮਨ ਰਾਈਟਸ ਟ੍ਰਿਬਿਊਨਲ (Human Rights Tribunal) ਕੋਲ ਦਰਖਾਸਤ ਭਰ ਕੇ, ਪਰੇਸ਼ਾਨੀ ਜਾਂ ਵਿਤਕਰੇ ਬਾਰੇ ਗੱਲ ਕਰਦੇ ਹੋ ਤਾਂ ਇਹ ਸੁਰੱਖਿਆ ਲਾਗੂ ਹੁੰਦੀ ਹੈ।

ਵਧੇਰੇ ਜਾਣਕਾਰੀ ਲਈ

ਓਨਟੈਰੀਓ ਹਿਊਮਨ ਰਾਈਟਸ ਕਮੀਸ਼ਨ ਦੀ ਨਸਲਵਾਦ ਅਤੇ ਨਸਲੀ ਵਿਤਕਰੇ ਤੇ ਨੀਤੀ ਅਤੇ ਸੇਧਾਂ (Policy and Guidelines on Racism and Racial Discrimination) ਅਤੇ ਹੋਰ ਪ੍ਰਕਾਸ਼ਨ www.ohrc.on.ca ਤੇ ਉਪਲਬਧ ਹਨ।

ਕੋਈ ਸ਼ਿਕਾਇਤ - ਜਿਸਨੂੰ ਦਰਖਾਸਤ ਕਿਹਾ ਜਾਂਦਾ ਹੈ - ਕਰਨ ਲਈ ਓਨਟੈਰੀਓ ਦੇ ਹਿਊਮਨ ਰਾਈਟਸ ਟ੍ਰਿਬਿਊਨਲ (Human Rights Tribunal) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-598-0322
TTY ਟੋਲ ਫ਼੍ਰੀ: 1-866-607-1240
ਵੈਬਸਾਈਟ: www.hrto.ca

ਜੇ ਤੁਹਾਨੂੰ ਕਾਨੂੰਨੀ ਮਦਦ ਦੀ ਲੋੜ ਹੈ, ਤਾਂ ਹਿਊਮਨ ਰਾਈਟਸ ਦੇ ਲੀਗਲ ਸਪੋਰਟ ਸੈਂਟਰ (ਕਾਨੂੰਨੀ ਸਹਾਇਤਾ ਕੇਂਦਰ) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-625-5179
TTY ਟੋਲ ਫ਼੍ਰੀ: 1-866-612-8627
ਵੈਬਸਾਈਟ: www.hrlsc.on.ca 

ISBN/ISSN
PRINT: 978-1-4435-8712-9 | HTML: 978-1-4435-8713-6 | PDF: 978-1-4435-8714-3
Attachments

File name File size Actions
Racial harassment_Punjabi_accessible.pdf 924.81 KB Download
Attachments