Skip to main content

Pregnancy and breastfeeding (brochure)

ਇੱਕ ਗਰਭਵਤੀ ਔਰਤ ਦੇ ਰੂਪ ਵਿੱਚ ਮੇਰੇ ਕੀ ਹੱਕ ਹਨ?

ਓਨਟੈਰੀਓ ਮਨੁੱਖੀ ਹੱਕਾਂ ਦੀ ਨਿਯਮਾਵਲੀ (ਨਿਯਮਾਵਲੀ) ਇੱਕ ਕਾਨੂੰਨ ਹੈ ਜੋ ਓਨਟੈਰੀਓ ਵਿੱਚ ਹਰੇਕ ਵਿਅਕਤੀ ਨੂੰ ਬਰਾਬਰ ਹੱਕ ਅਤੇ ਮੌਕੇ ਦਿੰਦੀ ਹੈ ਅਤੇ ਉਹਨਾਂ ਦੇ ਸਨਮਾਨ ਅਤੇ ਮੁੱਲ ਨੂੰ ਪਛਾਣਦੀ ਹੈ। ਇਹ ਨਿਯਮਾਵਲੀ ਗਰਭ-ਅਵਸਥਾ ਅਤੇ ਛਾਤੀ ਦਾ ਦੁੱਧ ਚੁੰਘਾਉਣ ਸਮੇਤ, ਲਿੰਗ ਦੇ ਕਾਰਨ ਕਿਸੇ ਨਾਲ ਵਿਤਕਰਾ ਕਰਨਾ ਜਾਂ ਉਸ ਨੂੰ ਪਰੇਸ਼ਾਨ ਕਰਨਾ ਗੈਰ-ਕਾਨੂੰਨੀ ਬਣਾਉਂਦੀ ਹੈ।

ਮਾਤਾ/ਪਿਤਾ ਅਤੇ ਬੱਚੇ ਦੇ ਰਿਸ਼ਤੇ ਵਿੱਚ ਹੋਣ ਕਰਕੇ, ਪਰਿਵਾਰਕ ਦਰਜੇ ਦੇ ਅਧਾਰ ਤੇ ਵੀ ਸੁਰੱਖਿਆ ਮੁਹੱਈਆ ਕੀਤੀ ਗਈ ਹੈ। ਇਸ ਵਿੱਚ ਬੱਚੇ ਨੂੰ ਗੋਦ ਲੈਣਾ ਸ਼ਾਮਲ ਹੈ। ਵਿਵਾਹਕ ਸਥਿਤੀ ਦਾ ਅਧਾਰ ਵੀ ਸ਼ਾਮਲ ਕੀਤਾ ਜਾਂਦਾ ਹੈ। ਕਦੇ-ਕਦੇ ਇਹ ਅਧਾਰ ਲਿੰਗ ਦੇ ਅਧਾਰ ਨੂੰ ਸ਼ਾਮਿਲ ਕਰ ਲੈਂਦੇ ਹਨ।

ਇਸ ਕਾਰਨ ਕਰਕੇ ਵਿਤਕਰਾ ਕਰਨਾ ਗੈਰ-ਕਾਨੂੰਨੀ ਹੈ ਕਿਉਂਕਿ ਕੋਈ ਔਰਤ ਗਰਭਵਤੀ ਹੈ। ਇਸ ਕਾਰਨ ਕਰਕੇ ਵਿਤਕਰਾ ਕਰਨਾ ਵੀ ਗੈਰ-ਕਾਨੂੰਨੀ ਹੈ ਕਿਉਂਕਿ ਕੋਈ ਔਰਤ ਗਰਭਵਤੀ ਸੀ, ਉਸ ਦਾ ਬੱਚਾ ਸੀ, ਜਾਂ ਸ਼ਾਇਦ ਉਹ ਗਰਭਵਤੀ ਹੋ ਸਕਦੀ ਹੈ।

ਤੁਹਾਡੇ ਕੋਲ ਆਪਣੀ ਗਰਭ-ਅਵਸਥਾ ਦੇ ਕਾਰਨ ਕਿਸੇ ਵਿਤਕਰੇ ਦੇ ਬਿਨਾਂ ਆਪਣੀ ਨੌਕਰੀ ਬਣਾਈ ਰੱਖਣ, ਕੋਈ ਅਪਾਰਟਮੈਂਟ ਕਿਰਾਏ ਤੇ ਲੈਣ, ਕਿਸੇ ਲੀਜ਼ ਜਾਂ ਕਿਸੇ ਹੋਰ ਇਕਰਾਰਨਾਮੇ ਤੇ ਦਸਤਖਤ ਕਰਨ, ਅਤੇ ਸੇਵਾਵਾਂ ਨੂੰ ਵਰਤਣ ਦਾ ਹੱਕ ਹੈ। ਤੁਹਾਨੂੰ ਪ੍ਰਣਾਲੀਗਤ ਵਿਤਕਰੇ ਤੋਂ ਵੀ ਮੁਕਤ ਰਹਿਣ ਦਾ ਹੱਕ ਹੈ, ਜੋ ਅਜਿਹੇ ਕਾਨੂੰਨਾਂ ਜਾਂ ਨੀਤੀਆਂ ਦੇ ਕਾਰਨ ਹੁੰਦਾ ਹੈ ਜਿਨ੍ਹਾਂ ਬਾਰੇ ਕੋਈ ਵਿਅਕਤੀ ਸੋਚਦਾ ਹੈ ਕਿ ਇਹ ਨਿਰਪੱਖ ਹਨ, ਪਰ ਇਹ ਉਹਨਾਂ ਔਰਤਾਂ ਲਈ ਰੁਕਾਵਟਾਂ ਪੈਦਾ ਕਰਦੇ ਹਨ ਜੋ ਗਰਭਵਤੀ ਹਨ, ਗਰਭਵਤੀ ਰਹੀਆਂ ਹਨ ਜਾਂ ਗਰਭਵਤੀ ਹੋ ਸਕਦੀਆਂ ਹਨ।

ਛਾਤੀ ਦਾ ਦੁੱਧ ਚੁੰਘਾਉਣ ਬਾਰੇ ਕੀ ਹੈ?

ਛਾਤੀ ਦਾ ਦੁੱਧ ਚੁੰਘਾ ਰਹੀ ਔਰਤ ਦੇ ਰੂਪ ਵਿੱਚ ਤੁਹਾਡੇ ਹੱਕ ਹਨ, ਜਿਨ੍ਹਾਂ ਵਿੱਚ ਜਨਤਕ ਖੇਤਰ ਵਿੱਚ ਬੱਚੇ ਨੂੰ ਛਾਤੀ ਦਾ ਦੁੱਧ ਚੁੰਘਾਉਣਾ ਸ਼ਾਮਲ ਹੈ। ਕਿਸੇ ਦੁਆਰਾ ਵੀ, ਬਸ ਇਸ ਕਰਕੇ ਕਿ ਤੁਸੀਂ ਕਿਸੇ ਜਨਤਕ ਖੇਤਰ ਵਿੱਚ ਹੋ, ਤੁਹਾਨੂੰ ਆਪਣੇ ਬੱਚੇ ਨੂੰ ਛਾਤੀ ਦਾ ਦੁੱਧ ਚੁੰਘਾਉਣ ਤੋਂ ਰੋਕਣਾ ਨਹੀਂ ਚਾਹੀਦਾ। ਉਹਨਾਂ ਦੁਆਰਾ ਤੁਹਾਨੂੰ "ਢੱਕਣ" ਲਈ ਨਹੀਂ ਕਿਹਾ ਜਾਣਾ ਚਾਹੀਦਾ, ਤੁਹਾਨੂੰ ਤੰਗ ਨਹੀਂ ਕਰਨਾ ਚਾਹੀਦਾ, ਜਾਂ ਤੁਹਾਨੂੰ ਕਿਸੇ ਅਜਿਹੇ ਖੇਤਰ ਵਿੱਚ ਜਾਣ ਲਈ ਨਹੀਂ ਕਹਿਣਾ ਚਾਹੀਦਾ ਜੋ ਵਧੇਰੇ "ਇਕਾਂਤ" ਵਾਲਾ ਹੈ।

ਮੇਰੇ ਹੱਕ ਕਿੱਥੇ ਲਾਗੂ ਹੁੰਦੇ ਹਨ?

ਤੁਹਾਡੇ ਕੰਮ ਦੇ ਸਥਾਨ ਤੇ ਅਤੇ ਜੇ ਤੁਹਾਡੀ ਕੋਈ ਯੂਨੀਅਨ ਹੈ ਤਾਂ ਉਸ ਦੁਆਰਾ ਤੁਹਾਡੇ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ। ਅਤੇ ਸਕੂਲ ਜਾਂ ਤੁਹਾਡੀ ਰਿਹਾਇਸ਼ ਵਰਗੀਆਂ ਸੇਵਾਵਾਂ ਦੀ ਵਰਤੋਂ ਕਰਦੇ ਸਮੇਂ ਤੁਹਾਡੇ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ। ਕੋਈ ਮਕਾਨ-ਮਾਲਕ ਤੁਹਾਨੂੰ ਇਸ ਕਰਕੇ ਮਕਾਨ ਕਿਰਾਏ ਤੇ ਦੇਣ ਤੋਂ ਮਨ੍ਹਾਂ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਗਰਭਵਤੀ ਹੋਣ ਵਾਲੇ ਹੋ, ਗਰਭਵਤੀ ਹੋ, ਜਾਂ ਤੁਸੀਂ ਗਰਭਵਤੀ ਸੀ ਅਤੇ ਹੁਣ ਤੁਹਾਡੇ ਬੱਚੇ ਹਨ। ਇਸ ਵਿੱਚ ਫਲੈਟਾਂ ਅਤੇ ਦੂਜੀਆਂ ਇਮਾਰਤਾਂ ਵਿੱਚ “ਸਿਰਫ਼ ਬਾਲਗ” ਨਿਯਮ ਸ਼ਾਮਲ ਹੋ ਸਕਦੇ ਹਨ। ਤੁਹਾਨੂੰ ਇਹਨਾਂ ਸਾਰੀਆਂ ਥਾਵਾਂ ਤੇ ਤੁਹਾਡੀ ਗਰਭ-ਅਵਸਥਾ ਨਾਲ ਸਬੰਧਤ ਅਨੁਕੂਲਤਾ ਤਬਦੀਲੀਆਂ ਕਰਵਾਉਣ ਦਾ ਵੀ ਹੱਕ ਹੈ, ਜਦ ਤਕ ਕਿ ਅਜਿਹਾ ਕਰਨਾ ਬੇਲੋੜੀ ਮੁਸ਼ਕਲ ਨਾ ਹੋਵੇ।

ਕੰਮ ਦੇ ਸਥਾਨ ਤੇ ਮੇਰੇ ਕੀ ਹੱਕ ਹਨ?

ਕਿਸੇ ਇੰਟਰਿਊ ਵਿੱਚ, ਕਿਸੇ ਰੁਜ਼ਗਾਰਦਾਤੇ ਦੁਆਰਾ ਇਹ ਪੁੱਛਿਆ ਜਾਣਾ ਗੈਰ-ਕਾਨੂੰਨੀ ਹੈ ਕਿ ਕੀ:

  • ਤੁਸੀਂ ਗਰਭਵਤੀ ਹੋ
  • ਤੁਹਾਡਾ ਪਰਿਵਾਰ ਹੈ
  • ਤੁਹਾਡੀ ਪਰਿਵਾਰ ਸ਼ੁਰੂ ਕਰਨ ਦੀ ਯੋਜਨਾ ਹੈ।

ਇਸ ਕਰਕੇ ਕਿ ਤੁਸੀਂ ਗਰਭਵਤੀ ਸੀ, ਗਰਭਵਤੀ ਹੋ ਜਾਂ ਗਰਭਵਤੀ ਹੋ ਸਕਦੇ ਹੋ, ਤੁਹਾਨੂੰ ਨੌਕਰੀ ਤੋਂ ਕੱਢਣਾ, ਰੁਤਬਾ ਘਟਾਉਣਾ ਜਾਂ ਨੌਕਰੀ ਤੋਂ ਹਟਾਉਣਾ ਵੀ ਗੈਰ-ਕਾਨੂੰਨੀ ਹੈ। ਤੁਹਾਡੇ ਕੋਲ ਮੌਕਿਆਂ ਅਤੇ ਤਰੱਕੀਆਂ ਦੇ ਬਰਾਬਰ ਹੱਕ ਹਨ, ਭਾਵੇਂ ਤੁਸੀਂ ਗਰਭਵਤੀ ਹੋਣ ਦੀ ਯੋਜਨਾ ਬਣਾ ਰਹੇ ਹੋ, ਗਰਭਵਤੀ ਹੋ, ਜਾਂ ਗਰਭਵਤੀ ਸੀ।

ਤੁਹਾਡੇ ਰੁਜ਼ਗਾਰਦਾਤੇ ਲਈ ਜ਼ਰੂਰੀ ਹੈ ਕਿ ਉਹ ਤੁਹਾਡੇ ਮਾਹੌਲ ਨੂੰ ਵਿਤਕਰੇ ਤੋਂ ਮੁਕਤ ਬਣਾਏ। ਤੁਹਾਨੂੰ ਆਪਣੇ ਰੁਜ਼ਗਾਰਦਾਤੇ, ਸਾਥੀ ਕਰਮਚਾਰੀਆਂ ਜਾਂ ਗਾਹਕਾਂ ਤੋਂ ਤੁਹਾਡੀ ਗਰਭ-ਅਵਸਥਾ ਬਾਰੇ ਬੇਇੱਜ਼ਤੀ ਕਰਨ ਵਾਲੀਆਂ ਟਿੱਪਣੀਆਂ ਤੋਂ ਮੁਕਤ ਰਹਿਣ ਦਾ ਵੀ ਹੱਕ ਹੈ। ਤਹਾਨੂੰ ਗਰਭ-ਅਵਸਥਾ ਨਾਲ ਸਬੰਧਤ ਲੋੜਾਂ ਲਈ ਅਨੁਕੂਲਤਾ ਤਬਦੀਲੀਆਂ ਦਾ ਵੀ ਹੱਕ ਹੈ। ਇਸ ਵਿੱਚ ਗਰਭਵਤੀ ਹੋਣ ਦੇ ਦੌਰਾਨ ਤੁਹਾਡੀ ਨੌਕਰੀ ਵਿੱਚ ਵਾਸ਼ਰੂਮ ਜਾਣ ਜਾਂ ਕੱਪੜੇ ਬਦਲਣ ਲਈ ਵਧੇਰੇ ਬ੍ਰੇਕ ਸ਼ਾਮਲ ਹੋ ਸਕਦੇ ਹਨ।

ਤੁਹਾਡੇ ਬੱਚੇ ਦੇ ਜਨਮ ਤੋਂ ਬਾਅਦ, ਤੁਹਾਡੇ ਰੁਜ਼ਗਾਰਦਾਤੇ ਨੂੰ ਤੁਹਾਡੀਆਂ ਛਾਤੀ ਦਾ ਦੁੱਧ ਚੁੰਘਾਉਣ ਜਾਂ ਦੁੱਧ ਕੱਢਣ ਦੀਆਂ ਲੋੜਾਂ ਲਈ ਅਨੁਕੂਲਤਾ ਤਬਦੀਲੀ ਕਰਨੀ ਚਾਹੀਦੀ ਹੈ।

ਸੇਵਾਵਾਂ ਵਿੱਚ ਮੇਰੇ ਕੀ ਹੱਕ ਹਨ?

ਸੇਵਾਵਾਂ ਵੀ ਵਿਤਕਰੇ ਤੋਂ ਮੁਕਤ ਮੁਹੱਈਆ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਹ ਹੇਠਾਂ ਦਿੱਤੇ ਖੇਤਰਾਂ ਤੇ ਲਾਗੂ ਹੁੰਦਾ ਹੈ:

  • ਰੇਸਟੋਰੈਂਟ ਅਤੇ ਕੈਫੇ
  • ਸਟੋਰ ਅਤੇ ਮਾਲ
  • ਸਕੂਲ
  • ਪਾਰਕ
  • ਜਨਤਕ ਆਵਾਜਾਈ।

ਅਨੁਕੂਲਤਾ ਤਬਦੀਲੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮਿਲ ਕੇ ਕੰਮ ਕਰਨਾ

ਰਿਹਾਇਸ਼, ਸੇਵਾਵਾਂ ਅਤੇ ਰੁਜ਼ਗਾਰ ਨੂੰ ਇਸ ਤਰ੍ਹਾਂ ਨਾਲ ਤਿਆਰ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਉਹਨਾਂ ਔਰਤਾਂ ਨੂੰ ਸ਼ਾਮਲ ਕਰੇ ਜੋ ਗਰਭਵਤੀ ਹਨ, ਗਰਭਵਤੀ ਰਹੀਆਂ ਹਨ, ਜਾਂ ਗਰਭਵਤੀ ਹੋ ਸਕੀਆਂ ਹਨ। ਤੁਹਾਨੂੰ ਅਤੇ ਤੁਹਾਡੇ ਰੁਜ਼ਗਾਰਦਾਤੇ, ਰਿਹਾਇਸ਼ ਪ੍ਰਦਾਤਾ ਜਾਂ ਸੇਵਾ ਪ੍ਰਦਾਤਾ ਨੂੰ ਲਾਜ਼ਮੀ ਤੌਰ ਤੇ ਇਕੱਠੇ ਮਿਲ ਕੇ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਦਾ ਰਸਤਾ ਲੱਭਣਾ ਚਾਹੀਦਾ ਹੈ। ਜੇ ਤੁਹਾਡੀਆਂ ਡਾਕਟਰੀ ਜਾਂ ਖਾਸ ਲੋੜਾਂ ਹਨ, ਤਾਂ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਇਹਨਾਂ ਲੋੜਾਂ ਬਾਰੇ ਦੱਸੋ। ਇਸਦੇ ਬਦਲੇ, ਜੇ ਲੋੜ ਹੋਵੇ, ਤੁਹਾਡਾ ਰੁਜ਼ਗਾਰਦਾਤਾ ਜਾਂ ਰਿਹਾਇਸ਼ ਪ੍ਰਦਾਤਾ ਇਸ ਗੱਲ ਨੂੰ ਬਿਹਤਰ ਤਰੀਕੇ ਨਾਲ ਸਮਝਣ ਕਿ ਤੁਹਾਡੀਆਂ ਲੋੜਾਂ ਕੀ ਹਨ ਅਤੇ ਇਹ ਕਦੋਂ ਤਕ ਹਨ, ਤੁਹਾਨੂੰ ਸਮਰਥਨ ਕਰਨ ਵਾਲੀ ਡਾਕਟਰੀ ਜਾਣਕਾਰੀ ਮੁਹੱਈਆ ਕਰਨ ਵਾਸਤੇ ਕਹਿ ਸਕਦੇ ਹਨ (ਪਰ ਆਮ ਤੌਰ ਤੇ ਤੁਹਾਨੂੰ ਚਿਕਿਤਸਕ ਹਾਲਤਾਂ ਬਾਰੇ ਵੇਰਵਾ ਦੇਣ ਦੀ ਲੋੜ ਨਹੀਂ ਹੁੰਦੀ)।

ਮੇਰੀਆਂ ਖਾਸ ਲੋੜਾਂ ਬਾਰੇ ਕੀ ਪ੍ਰਵਾਧਾਨ ਹੈ?

ਤੁਹਾਡੀਆਂ ਖਾਸ ਲੋੜਾਂ ਹੋ ਸਕਦੀਆਂ ਹਨ ਕਿਉਂਕਿ ਤੁਸੀਂ ਗਰਭਵਤੀ ਹੋਣਾ ਚਾਹੁੰਦੇ ਹੋ, ਗਰਭਵਤੀ ਗਰਭਵਤੀ ਹੋ ਜਾਂ ਤੁਸੀਂ ਹਾਲ ਹੀ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ। ਖਾਸ ਲੋੜਾਂ ਇਹਨਾਂ ਕਾਰਨਾਂ ਕਰਕੇ ਵੀ ਹੋ ਸਕਦੀਆਂ ਹਨ:

  • ਤੁਹਾਡੀ ਗਰਭ-ਅਵਸਥਾ ਜਾਂ ਬੱਚੇ ਦੇ ਜਨਮ ਨਾਲ ਸਬੰਧਿਤ ਸਮੱਸਿਆਵਾਂ
  • ਗਰਭ ਡਿੱਗਣਾ
  • ਗਰਭਪਾਤ
  • ਜਣਨ ਸ਼ਕਤੀ ਦੇ ਇਲਾਜ
  • ਬੱਚੇ ਦੇ ਜਨਮ ਜਾਂ ਮਰਿਆ ਬੱਚਾ ਪੈਦਾ ਹੋਣ ਤੋਂ ਬਾਅਦ ਸਿਹਤਯਾਬੀ ਲਈ ਉਚਿਤ ਸਮਾਂ
  • ਆਪਣੇ ਬੱਚੇ ਨੂੰ ਛਾਤੀ ਦਾ ਦੁੱਧ ਚੁੰਘਾਉਣਾ
  • ਮੌਤ ਦਾ ਸੋਗ।

ਰੁਜ਼ਗਾਰਦਾਤਿਆਂ ਅਤੇ ਸੇਵਾ ਮੁਹੱਈਆ ਕਰਨ ਵਾਲਿਆਂ ਦਾ ਕਾਨੂੰਨੀ ਫਰਜ਼ ਹੈ ਕਿ ਉਹ ਗਰਭ-ਅਵਸਥਾ ਦੇ ਕਾਰਨ ਖਾਸ ਲੋੜਾਂ ਵਾਲੀਆਂ ਔਰਤਾਂ ਲਈ ਅਨੁਕੂਲਤਾ ਤਬਦੀਲੀਆਂ ਕਰਨ। ਸਿਰਫ਼ ਇੱਕ ਅਪਵਾਦ ਉਹ ਹੈ ਜਦੋਂ ਅਨੁਕੂਲਤਾ ਤਬਦੀਲੀ ਦੇ ਕਾਰਨ ਬੇਲੋੜੀ ਮੁਸ਼ਕਲ ਹੁੰਦੀ ਹੋਵੇ। ਇਹ ਇੱਕ ਕਾਨੂੰਨੀ ਜਾਂਚ ਹੈ ਅਤੇ ਰੁਜ਼ਗਾਰਦਾਤੇ ਨੂੰ ਇਹ ਸਾਬਤ ਕਰਨ ਦੀ ਲੋੜ ਹੋਵੇਗੀ ਕਿ ਅਨੁਕੂਲਤਾ ਤਬਦੀਲੀ ਬਹੁਤ ਮਹਿੰਗੀ ਹੈ, ਜਾਂ ਇਹ ਸਿਹਤ ਜਾਂ ਸੁਰੱਖਿਆ ਸਬੰਧੀ ਗੰਭੀਰ ਖਤਰਾ ਪੈਦਾ ਕਰਦੀ ਹੈ।

ਰੁਜ਼ਗਾਰ ਨਾਲ ਸਬੰਧਤ ਹੋਰ ਕਾਨੂੰਨ

ਰੁਜ਼ਗਾਰ ਦੇ ਮਿਆਰਾਂ ਦਾ ਕਾਨੂੰਨ (Employment Standards Act) 2000 ਗਰਭ-ਅਵਸਥਾ ਅਤੇ ਪਾਲਣ-ਪੋਸ਼ਣ ਦੀ ਛੁੱਟੀ ਦੇ ਤੁਹਾਡੇ ਹੱਕ ਬਾਰੇ ਜਾਣਕਾਰੀ ਦਿੰਦਾ ਹੈ। ਮਿਨਿਸਟਰੀ ਆਫ਼ ਲੇਬਰ ਦੀ ਰੁਜ਼ਗਾਰ ਦੇ ਮਿਆਰਾਂ ਬਾਰੇ ਸ਼ਾਖਾ (Employment Standards Branch) (1-800-531-5551) ਤੁਹਾਨੂੰ ਰੁਜ਼ਗਾਰ ਦੇ ਪੱਧਰਾਂ ਬਾਰੇ ਹੋਰ ਜਾਣਕਾਰੀ ਦੇ ਸਕਦੀ ਹੈ।

ਸੰਘੀ ਸਰਕਾਰ ਦਾ ਮਨੁੱਖੀ ਸੰਸਾਧਨ ਅਤੇ ਹੁਨਰ ਵਿਕਾਸ ਕੈਨੇਡਾ (Human Resources and Skills Development Canada) (1-800-206-7218) ਤੁਹਾਨੂੰ ਜਣੇਪਾ ਅਤੇ ਪਾਲਣ-ਪੋਸ਼ਣ ਲਈ ਛੁੱਟੀ ਦੇ ਦੌਰਾਨ ਰੁਜ਼ਗਾਰ ਬੀਮਾ ਬੈਨਿਫ਼ਿਟਾਂ ਬਾਰੇ ਜਾਣਕਾਰੀ ਦੇ ਸਕਦਾ ਹੈ।

ਵਧੇਰੇ ਜਾਣਕਾਰੀ ਲਈ

ਓਨਟੈਰੀਓ ਹਿਊਮਨ ਰਾਈਟਸ ਕਮੀਸ਼ਨ ਦੀ ਗਰਭ-ਅਵਸਥਾ ਅਤੇ ਛਾਤੀ ਦਾ ਦੁੱਧ ਚੁੰਘਾਉਣ ਦੇ ਕਾਰਨ ਵਿਤਕਰੇ ਬਾਰੇ ਨੀਤੀ (Policy on Discrimination Because of Pregnancy and Breastfeeding)ਅਤੇ ਹੋਰ ਪ੍ਰਕਾਸ਼ਨ www.ohrc.on.ca ਤੇ ਉਪਲਬਧ ਹਨ।

ਮਨੁੱਖੀ ਹੱਕਾਂ ਸਬੰਧੀ ਸ਼ਿਕਾਇਤ - ਜਿਸਨੂੰ ਦਰਖਾਸਤ ਕਿਹਾ ਜਾਂਦਾ ਹੈ - ਕਰਨ ਲਈ ਓਨਟੈਰੀਓ ਦੇ ਹਿਊਮਨ ਰਾਈਟਸ ਟ੍ਰਿਬਿਊਨਲ (Human Rights Tribunal) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-598-0322
TTY ਟੋਲ ਫ਼੍ਰੀ: 1-866-607-1240
ਵੈਬਸਾਈਟ: www.hrto.ca

ਜੇ ਤੁਹਾਨੂੰ ਕਾਨੂੰਨੀ ਮਦਦ ਦੀ ਲੋੜ ਹੈ, ਤਾਂ ਹਿਊਮਨ ਰਾਈਟਸ ਦੇ ਲੀਗਲ ਸਪੋਰਟ ਸੈਂਟਰ (ਕਾਨੂੰਨੀ ਸਹਾਇਤਾ ਕੇਂਦਰ) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-625-5179
TTY ਟੋਲ ਫ਼੍ਰੀ: 1-866-612-8627
ਵੈਬਸਾਈਟ: www.hrlsc.on.ca

ISBN/ISSN
PRINT: 978-1-4435-8622-1 | HTML: 978-1-4435-8623-8 | PDF: 978-1-4435-8624-5