ਓਨਟੈਰੀਓ ਦੀ ਮਨੁੱਖੀ ਹੱਕਾਂ ਦੀ ਨਿਯਮਾਵਲੀ (Human Rights Code)
ਓਨਟੈਰੀਓ ਮਨੁੱਖੀ ਹੱਕਾਂ ਦੀ ਨਿਯਮਾਵਲੀ (ਨਿਯਮਾਵਲੀ) ਬਰਾਬਰ ਹੱਕ ਅਤੇ ਮੌਕੇ, ਅਤੇ ਵਿਤਕਰੇ ਤੋਂ ਆਜ਼ਾਦੀ ਮੁਹੱਈਆ ਕਰਦੀ ਹੈ। ਇਹ ਨਿਯਮਾਵਲੀ ਓਨਟੈਰੀਓ ਵਿੱਚ ਹਰੇਕ ਵਿਅਕਤੀ ਦੇ ਸਨਮਾਨ ਅਤੇ ਮੁੱਲ ਨੂੰ ਪਛਾਣਦੀ ਹੈ। ਇਹ ਰੁਜ਼ਗਾਰ, ਰਿਹਾਇਸ਼, ਸਹੂਲਤਾਂ ਅਤੇ ਸੇਵਾਵਾਂ, ਇਕਰਾਰਨਾਮਿਆਂ, ਅਤੇ ਯੂਨਿਅਨਾਂ ਵਿੱਚ ਮੈਂਬਰਸ਼ਿਪ, ਵਪਾਰਕ ਜਾਂ ਪੇਸ਼ਾਵਰ ਐਸੋਸਿਏਸ਼ਨਾਂ ਦੇ ਖੇਤਰਾਂ ਤੇ ਲਾਗੂ ਹੁੰਦੀ ਹੈ।
ਕੰਮ ਕਰਨ ਦੇ ਸਥਾਨ ਤੇ, ਅਸਮਰਥਤਾ ਵਾਲੇ ਕਰਮਚਾਰੀਆਂ ਨੂੰ ਉਨ੍ਹਾਂ ਹੀ ਮੌਕਿਆਂ ਅਤੇ ਲਾਭਾਂ ਦਾ ਹੱਕ ਹੈ ਜੋ ਬਿਨਾਂ ਅਸਮਰਥਤਾ ਵਾਲੇ ਲੋਕਾਂ ਨੂੰ ਹੁੰਦਾ ਹੈ। ਕੁਝ ਮਾਮਲਿਆਂ ਵਿੱਚ, ਉਹਨਾਂ ਨੂੰ ਆਪਣੀ ਨੌਕਰੀ ਦੇ ਕੰਮ ਕਰਨ ਲਈ ਖਾਸ ਪ੍ਰਬੰਧਾਂ ਜਾਂ "ਅਨੁਕੂਲਤਾ ਤਬਦੀਲੀਆਂ" ਦੀ ਲੋੜ ਹੋ ਸਕਦੀ ਹੈ।
ਅਸਮਰਥਤਾ ਵਾਲੇ ਗਾਹਕਾਂ, ਮੁਵਿੱਕਲਾਂ ਅਤੇ ਕਿਰਾਏਦਾਰਾਂ ਨੂੰ ਵੀ ਬਰਾਬਰੀ ਦੇ ਵਿਹਾਰ ਅਤੇ ਸਹੂਲਤਾਂ ਅਤੇ ਸੇਵਾਵਾਂ ਤਕ ਬਰਾਬਰ ਪਹੁੰਚ ਦਾ ਹੱਕ ਹੁੰਦਾ ਹੈ। ਰੈਸਟੋਰੈਂਟ, ਦੁਕਾਨਾਂ, ਹੋਟਲ ਅਤੇ ਫਿਲਮ ਥਿਏਟਰ, ਅਤੇ ਇਸਦੇ ਨਾਲ ਹੀ ਅਪਾਰਟਮੈਂਟ ਦੀਆਂ ਬਿਲਡਿੰਗਾਂ, ਆਵਾਜਾਈ ਅਤੇ ਹੋਰ ਜਨਤਕ ਸਥਾਨ, ਸਹੂਲਤਾਂ ਅਤੇ ਸੇਵਾਵਾਂ ਦੀਆਂ ਉਦਾਹਰਨਾਂ ਹਨ ।
ਜਨਤਕ ਅਤੇ ਪ੍ਰਾਈਵੇਟ ਸਿੱਖਿਆ ਮੁਹੱਈਆ ਕਰਨ ਵਾਲਿਆਂ ਨੂੰ ਵੀ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਸਹੂਲਤਾਂ ਅਤੇ ਸੇਵਾਵਾਂ ਆਸਾਨ ਪਹੁੰਚਯੋਗ ਹੋਣ, ਅਤੇ ਅਸਮਰਥ ਵਿਦਿਆਰਥੀਆਂ ਲਈ ਅਨੁਕੂਲਤਾ ਤਬਦੀਲੀਆਂ ਕੀਤੀਆਂ ਜਾਣ।
ਅਸਮਰਥਤਾ ਕੀ ਹੁੰਦੀ ਹੈ?
“ਅਸਮਰਥਤਾ” ਵਿੱਚ ਹਾਲਤਾਂ ਦੀਆਂ ਬਹੁਤ ਕਿਸਮਾਂ ਅਤੇ ਪੱਧਰ ਸ਼ਾਮਲ ਹੁੰਦੇ ਹਨ, ਜਿਨ੍ਹਾਂ ਵਿੱਚੋਂ ਕੁਝ ਦਿਖਾਈ ਦਿੰਦੀਆਂ ਹਨ ਅਤੇ ਕੁਝ ਦਿਖਾਈ ਨਹੀਂ ਦਿੰਦੀਆਂ ਹਨ। ਹੋ ਸਕਦਾ ਹੈ ਕਿ ਅਸਮਰਥਤਾ ਜਨਮ ਦੇ ਸਮੇਂ ਤੋਂ ਮੌਜੂਦ ਹੋਵੇ, ਕਿਸੇ ਦੁਰਘਟਨਾ ਦੇ ਕਾਰਨ ਹੋਈ ਹੋਵੇ, ਜਾਂ ਸਮੇਂ ਦੇ ਨਾਲ-ਨਾਲ ਵਿਕਸਿਤ ਹੋਈ ਹੋਵੇ। ਅਸਮਰਥਤਾਵਾਂ, ਸਰੀਰਕ, ਮਾਨਸਿਕ ਅਤੇ ਸਿੱਖਣ ਸਬੰਧੀ ਹੁੰਦੀਆਂ ਹਨ, ਮਾਨਸਿਕ ਗੜਬੜੀਆਂ, ਸੁਣਨ ਜਾਂ ਦੇਖਣ ਸਬੰਧੀ ਅਸਮਰਥਤਾਵਾਂ, ਮਿਰਗੀ, ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਤੇ ਨਿਰਭਰਤਾ, ਵਾਤਾਵਰਨ ਸਬੰਧੀ ਸੰਵੇਦਨਸ਼ੀਲਤਾ, ਅਤੇ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ।
ਨਿਯਮਾਵਲੀ ਲੋਕਾਂ ਦੀਆਂ ਅਤੀਤ ਦੀਆਂ, ਮੌਜੂਦਾ ਜਾਂ ਗਿਆਤ, ਅਸਮਰਥਤਾਵਾਂ ਦੇ ਕਾਰਨ ਹੋਣ ਵਾਲੇ ਵਿਤਕਰੇ ਤੋਂ ਸੁਰੱਖਿਆ ਕਰਦੀ ਹੈ। ਉਦਾਹਰਨ ਲਈ, ਨਿਯਮਾਵਲੀ ਉਸ ਵਿਅਕਤੀ ਦੀ ਸੁਰੱਖਿਆ ਕਰਦੀ ਹੈ ਜਿਸ ਨੂੰ ਇਸ ਕਰਕੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਸ ਨੂੰ ਸ਼ਰਾਬ ਦੀ ਆਦਤ ਸੀ ਜੋ ਹੁਣ ਠੀਕ ਹੋ ਗਈ ਹੈ। ਇਸੇ ਤਰ੍ਹਾਂ ਇਹ ਉਸ ਵਿਅਕਤੀ ਦੀ ਸੁਰੱਖਿਆ ਕਰਦੀ ਹੈ ਜਿਸ ਦੀ ਬਿਮਾਰੀ ਕੰਮ ਦੇ ਸਥਾਨ ਤੇ ਕਾਬਲੀਅਤ ਵਿੱਚ ਕੋਈ ਰੁਕਾਵਟ ਨਹੀਂ ਪਾਉਂਦੀ ਹੈ, ਪਰ ਜਿਸ ਨੂੰ ਭਵਿੱਖ ਵਿੱਚ ਘੱਟ ਕੰਮ ਕਰਨ ਦੇ ਕਾਬਲ ਹੋਣ ਦੇ ਵਧੇ ਹੋਏ ਜੋਖ਼ਮ ਤੇ ਸਮਝਿਆ ਜਾਂਦਾ ਹੈ।
ਰੁਕਾਵਟਾਂ ਨੂੰ ਹਟਾਉਣਾ ਅਤੇ ਸਭ ਤੋਂ ਸ਼ਾਮਲ ਕਰਨ ਵਾਲੇ ਡਿਜ਼ਾਈਨ ਬਣਾਉਣੇ
ਅਸਮਰਥਤਾਵਾਂ ਵਾਲੇ ਵਿਅਕਤੀ ਹਰ ਰੋਜ਼ ਕਈ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰ ਸਕਦੇ ਹਨ। ਇਹ ਸਰੀਰਕ, ਵਿਹਾਰ ਸਬੰਧੀ ਜਾਂ ਵਿਵਸਥਿਤ ਹੋ ਸਕਦੀਆਂ ਹਨ। ਅਨੁਕੂਲਤਾ ਤਬਦੀਲੀ ਲਈ ਵਿਅਕਤੀਗਤ ਬੇਨਤੀਆਂ ਜਾਂ ਸ਼ਿਕਾਇਤਾਂ ਦੇ ਜਵਾਬ ਲਈ ਉਡੀਕ ਕਰਨ ਦੀ ਬਜਾਏ ਰੁਕਾਵਟਾਂ ਨੂੰ ਆਪਣੇ-ਆਪ ਪਛਾਣ ਕੇ ਹਟਾਉਣਾ ਸਭ ਤੋਂ ਚੰਗਾ ਹੁੰਦਾ ਹੈ।
ਰੁਕਾਵਟਾਂ ਨੂੰ ਪਛਾਣਨਾ ਅਤੇ ਦੂਰ ਕਰਨਾ ਚੰਗੀ ਕਾਰੋਬਾਰੀ ਸਮਝ ਵੀ ਹੁੰਦੀ ਹੈ। ਇਸਦੇ ਨਾਲ ਹੀ ਅਸਮਰਥਤਾ ਵਾਲੇ ਗਾਹਕਾਂ ਜਾਂ ਕਰਮਚਾਰੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ, ਰੁਕਾਵਟਾਂ ਨੂੰ ਹਟਾਉਣ ਨਾਲ ਹੋਰ ਲੋਕਾਂ ਜਿਵੇਂ ਕਿ ਬਜ਼ੁਰਗ ਲੋਕਾਂ ਅਤੇ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਵੀ ਮਦਦ ਮਿਲ ਸਕਦੀ ਹੈ, ।
ਰੁਜ਼ਗਾਰਦਾਤੇ, ਯੂਨੀਅਨਾਂ, ਮਕਾਨ-ਮਾਲਕ ਅਤੇ ਸੇਵਾ ਪ੍ਰਦਾਤਾ ਇਹ ਦੇਖਣ ਲਈ ਕਿ ਕਿਹੜੀਆਂ ਰੁਕਾਵਟਾਂ ਮੌਜੂਦ ਹਨ, ਆਪਣੀਆਂ ਸਹੂਲਤਾਂ, ਸੇਵਾਵਾਂ ਅਤੇ ਪ੍ਰਕਿਰਿਆਵਾਂ ਦੀ ਪਹੁੰਚਯੋਗਤਾ ਦੀ ਸਮੀਖਿਆ ਕਰਕੇ ਸ਼ੁਰੂਆਤ ਕਰ ਸਕਦੇ ਹਨ । ਉਸ ਤੋਂ ਬਾਅਦ ਤੁਸੀਂ ਪਹੁੰਚਯੋਗਤਾ ਯੋਜਨਾ ਬਣਾ ਸਕਦੇ ਹੋ ਅਤੇ ਰੁਕਾਵਟਾਂ ਨੂੰ ਹਟਾਉਣਾ ਸ਼ੁਰੂ ਕਰ ਸਕਦੇ ਹੋ।
ਪਹੁੰਚਯੋਗਤਾ ਨੀਤੀ ਅਤੇ ਸ਼ਿਕਾਇਤ ਪ੍ਰਕਿਰਿਆ ਬਣਾਉਣਾ ਵੀ ਮਦਦਗਾਰ ਹੁੰਦਾ ਹੈ। ਇਹਨਾਂ ਕਦਮਾਂ ਨਾਲ ਤੁਹਾਨੂੰ ਮੌਜੂਦਾ ਰੁਕਾਵਟਾਂ ਨੂੰ ਹਟਾਉਣ ਅਤੇ ਨਵੀਆਂ ਰੁਕਾਵਟਾਂ ਬਣਾਉਣ ਤੋਂ ਬਚਣ ਵਿੱਚ ਮਦਦ ਮਿਲੇਗੀ। ਰੁਕਾਵਟਾਂ ਨੂੰ ਹਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਸਭ ਨੂੰ ਸ਼ਾਮਲ ਕਰਨ ਵਾਲੇ ਡਿਜ਼ਾਈਨ ਤਿਆਰ ਕਰਨੇ। ਇਸਦਾ ਮਤਲਬ ਹੈ ਨਵੀਆਂ ਸਹੂਲਤਾਂ ਤਿਆਰ ਕਰਦੇ ਸਮੇਂ, ਸੁਧਾਰ ਕਰਦੇ ਸਮੇਂ, ਕੰਪਿਊਟਰ ਸਿਸਟਮ ਜਾਂ ਹੋਰ ਉਪਕਰਣ ਖਰੀਦਦੇ ਸਮੇਂ, ਵੈਬਸਾਈਟਾਂ ਸ਼ੁਰੂ ਕਰਦੇ ਸਮੇਂ, ਨੀਤੀਆਂ ਅਤੇ ਪ੍ਰਕਿਰਿਆਵਾਂ ਸਥਾਪਿਤ ਕਰਦੇ ਸਮੇਂ, ਜਾਂ ਨਵੀਆਂ ਸੇਵਾਵਾਂ ਪੇਸ਼ ਕਰਦੇ ਸਮੇਂ, ਯਕੀਨੀ ਬਣਾਓ ਕਿ ਤੁਹਾਡੀਆਂ ਚੋਣਾਂ ਅਸਮਰਥਤਾਵਾਂ ਵਾਲੇ ਲੋਕਾਂ ਲਈ ਨਵੀਆਂ ਰੁਕਾਵਟਾਂ ਬਣਾਉਣ ਤੋਂ ਬਚਦੀਆਂ ਹਨ।
ਰੁਕਾਵਟਾਂ ਸਿਰਫ਼ ਭੌਤਿਕ ਹੀ ਨਹੀਂ ਹੁੰਦੀਆਂ ਹਨ। “ਸਮਰੱਥਾ ਦੇ ਅਧਾਰ ਤੇ ਵਿਤਕਰਾ” – ਸਮਾਜ ਦਾ ਰੁਝਾਨ ਜੋ ਅਸਮਰਥਤਾ ਵਾਲੇ ਲੋਕਾਂ ਦੀ ਸਮਰੱਥਾ ਨੂੰ ਘੱਟ ਅਤੇ ਸੀਮਿਤ ਸਮਝਦਾ ਹੈ – ਨੂੰ ਰੋਕਣ ਲਈ ਕਦਮ ਚੁੱਕਣ ਨਾਲ ਆਦਰ ਅਤੇ ਮਾਣ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਮਿਲੇਗੀ, ਅਤੇ ਅਸਮਰਥਤਾਵਾਂ ਵਾਲੇ ਲੋਕਾਂ ਨੂੰ ਭਾਈਚਾਰਕ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਨਾਲ ਹਿੱਸਾ ਲੈਣ ਵਿੱਚ ਮਦਦ ਮਿਲੇਗੀ।
ਅਨੁਕੂਲਤਾ ਤਬਦੀਲੀ ਕਰਨ ਦਾ ਫਰਜ਼
ਭਾਵੇਂ ਜਦੋਂ ਸਹੂਲਤਾਂ ਅਤੇ ਸੇਵਾਵਾਂ ਨੂੰ ਜਿੰਨਾ ਸੰਭਵ ਹੋ ਸਕੇ ਸਭ ਨੂੰ ਸ਼ਾਮਲ ਕਰਨ ਵਾਲਾ ਤਿਆਰ ਕੀਤਾ ਗਿਆ ਹੋਵੇ, ਤੁਹਾਨੂੰ ਤਾਂ ਵੀ ਅਸਮਰਥਤਾਵਾਂ ਵਾਲੇ ਕੁਝ ਲੋਕਾਂ ਦੀਆਂ ਵਿਅਕਤੀਗਤ ਲੋੜਾਂ ਵਾਸਤੇ ਅਨੁਕੂਲਤਾ ਤਬਦੀਲੀ ਕਰਨ ਦੀ ਲੋੜ ਹੋ ਸਕਦੀ ਹੈ। ਨਿਯਮਾਵਲੀ ਦੇ ਤਹਿਤ, ਯੂਨੀਅਨਾਂ, ਮਕਾਨ-ਮਾਲਕਾਂ ਅਤੇ ਸੇਵਾ ਪ੍ਰਦਾਨ ਕਰਨ ਵਾਲਿਆਂ ਦਾ ਅਸਮਰਥਤਾਵਾਂ ਵਾਲੇ ਲੋਕਾਂ ਲਈ “ਅਨੁਕੂਲਤਾ ਤਬਦੀਲੀ ਕਰਨਾ ਕਾਨੂੰਨੀ ਫਰਜ਼” ਹੁੰਦਾ ਹੈ। ਅਨੁਕੂਲਤਾ ਤਬਦੀਲੀ ਦਾ ਟੀਚਾ ਇਹ ਹੈ ਕਿ ਅਸਮਰਥਤਾਵਾਂ ਵਾਲੇ ਲੋਕ ਸੇਵਾਵਾਂ, ਰਿਹਾਇਸ਼ ਜਾਂ ਕੰਮ ਦੇ ਸਥਾਨ ਤੋਂ ਬਰਾਬਰ ਫ਼ਾਇਦਾ ਉਠਾ ਸਕਣ ਅਤੇ ਇਹਨਾਂ ਵਿੱਚ ਹਿੱਸਾ ਲੈ ਸਕਣ।
ਅਨੁਕੂਲਤਾ ਤਬਦੀਲੀ ਇੱਕ ਸਾਂਝੀ ਜੁੰਮੇਵਾਰੀ ਹੈ। ਅਨੁਕੂਲਤਾ ਤਬਦੀਲੀ ਦੀ ਮੰਗ ਕਰ ਰਹੇ ਵਿਅਕਤੀ ਸਮੇਤ, ਇਸ ਵਿੱਚ ਸ਼ਾਮਲ ਹਰ ਇੱਕ ਵਿਅਕਤੀ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਸਬੰਧਤ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ ਚਾਹੀਦਾ ਹੈ, ਤੇ ਮਿਲ ਕੇ ਅਨੁਕੂਲਤਾ ਤਬਦੀਲੀ ਕਰਨ ਦੇ ਹੱਲ ਲੱਭਣੇ ਚਾਹੀਦੇ ਹਨ।
ਅਸਮਰਥਤਾਵਾਂ ਵਾਲੇ ਲੋਕਾਂ ਲਈ ਅਨੁਕੂਲਤਾ ਤਬਦੀਲੀ ਕਰਨ ਦਾ ਕੋਈ ਨਿਸ਼ਚਿਤ ਫਾਰਮੂਲਾ ਨਹੀਂ ਹੈ। ਭਾਵੇਂ ਕਿ ਕੁਝ ਅਨੁਕੂਲਤਾ ਤਬਦੀਲੀਆਂ ਨਾਲ ਕਈ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ, ਤੁਹਾਨੂੰ ਤਾਂ ਵੀ ਹਰੇਕ ਵਾਰ ਕਿਸੇ ਵਿਅਕਤੀ ਦੁਆਰਾ ਅਨੁਕੂਲਤਾ ਤਬਦੀਲੀ ਦੀ ਮੰਗ ਕਰਨ ਤੇ ਵਿਅਕਤੀਗਤ ਲੋੜਾਂ ਤੇ ਵਿਚਾਰ ਕਰਨ ਦੀ ਲੋੜ ਪਵੇਗੀ। ਹੋ ਸਕਦਾ ਹੈ ਕਿ ਇੱਕ ਵਿਅਕਤੀ ਲਈ ਕੀਤਾ ਗਿਆ ਸਮਾਧਾਨ ਕਿਸੇ ਹੋਰ ਵਿਅਕਤੀ ਲਈ ਕੰਮ ਨਾ ਕਰੇ।
ਅਨੁਕੂਲਤਾ ਤਬਦੀਲੀਆਂ ਦੀਆਂ ਕੁਝ ਉਦਾਹਰਨਾਂ ਵਿੱਚ ਇਹ ਸ਼ਾਮਲ ਹਨ:
- ਕੰਮ ਕਰਨ ਦੇ ਸਮਿਆਂ ਅਤੇ ਬ੍ਰੇਕ ਦੇ ਸਮਿਆਂ ਲਈ ਵਧੀ ਲਚਕਤਾ
- ਵਿਕਲਪਕ ਰੂਪਾਂਤਰਾਂ ਵਿੱਚ ਪੜ੍ਹਣ ਵਾਲੀ ਸਮੱਗਰੀ ਮੁਹੱਈਆ ਕਰਨੀ, ਜਿਨ੍ਹਾਂ ਵਿੱਚ ਲਿਖਤ ਨੂੰ ਕੰਪਿਊਟਰ ਵਾਲੇ ਫਾਰਮੇਟ, ਬ੍ਰੇਲ ਜਾਂ ਵੱਡੇ ਅੱਖਰਾਂ ਵਿੱਚ ਬਦਲਣਾ ਸ਼ਾਮਲ ਹੈ
- ਬਹਿਰੇ, ਬਹਿਰੇ ਹੋ ਗਏ ਜਾਂ ਉੱਚਾ ਸੁਣਨ ਵਾਲੇ ਵਿਅਕਤੀਆਂ ਲਈ ਇਸ਼ਾਰਿਆਂ ਦੀ ਭਾਸ਼ਾ ਵਾਲੇ ਵਿਆਖਿਆਕਾਰ ਜਾਂ ਜਰੂਰਤ ਦੇ ਸਮੇਂ ਲਿਖਤੀ ਸਿਰਲੇਖ ਸਮੱਗਰੀ ਮੁਹੱਈਆ ਕਰਨੀ ਤਾਂ ਜੋ ਉਹ ਮੀਟਿੰਗਾਂ ਵਿੱਚ ਹਿੱਸਾ ਲੈ ਸਕਣ
- ਕੰਮ ਦੇ ਸਥਾਨ ਤੇ ਦਾਖਲੇ ਦੇ ਆਟੋਮੈਟਿਕ ਦਰਵਾਜ਼ੇ ਲਗਾਉਣੇ ਅਤੇ ਵਾਸ਼ਰੂਮਾਂ ਜਾਂ ਇਮਾਰਤਾਂ ਦੇ ਸਾਂਝੇ ਖੇਤਰਾਂ ਨੂੰ ਪਹੁੰਚਯੋਗ ਬਣਾਉਣਾ
- ਕੁਝ ਮਾਮਲਿਆਂ ਵਿੱਚ, ਨੌਕਰੀ ਦੇ ਕੰਮਾਂ ਨੂੰ ਬਦਲਣਾ, ਦੁਬਾਰਾ ਸਿਖਲਾਈ ਦੇਣੀ ਜਾਂ ਕਿਸੇ ਵਿਅਕਤੀ ਨੂੰ ਕਿਸੇ ਹੋਰ ਨੌਕਰੀ ਤੇ ਲਗਾਉਣਾ।
ਕਈ ਅਨੁਕੂਲਤਾ ਤਬਦੀਲੀਆਂ ਆਸਾਨੀ ਨਾਲ, ਅਤੇ ਘੱਟ ਕੀਮਤ ਤੇ ਕੀਤੀਆਂ ਜਾ ਸਕਦੀਆਂ ਹਨ। ਕੁਝ ਮਾਮਲਿਆਂ ਵਿੱਚ, ਉਸੇ ਵੇਲੇ ਸਭ ਤੋਂ ਵਧੀਆ ਹੱਲ ਨੂੰ ਸਥਾਪਿਤ ਕਰਨ ਦੇ ਨਤੀਜੇ ਵੱਜੋਂ, ਲਾਗਤਾਂ ਜਾਂ ਸਿਹਤ ਅਤੇ ਸੁਰੱਖਿਆ ਸਬੰਧੀ ਕਾਰਕਾਂ ਦੇ ਕਾਰਨ "ਬੇਲੋੜੀ ਮੁਸ਼ਕਲ" ਹੋ ਸਕਦੀ ਹੈ। ਭਾਵੇਂ ਜੇ ਇਹ ਹੁੰਦਾ ਵੀ ਹੈ, ਤਾਂ ਵੀ ਸਭ ਤੋਂ ਵਧੀਆ ਅਜਿਹੇ ਕਦਮਾਂ ਨੂੰ ਲੱਭਣ ਅਤੇ ਪੂਰਾ ਕਰਨਾ ਤੁਹਾਡਾ ਫ਼ਰਜ਼ ਹੈ ਜਿਨ੍ਹਾਂ ਦੇ ਕਾਰਨ ਬੇਲੋੜੀ ਮੁਸ਼ਕਲ ਨਹੀਂ ਹੋਵੇਗੀ। ਅਜਿਹੇ ਕਦਮ ਸਿਰਫ਼ ਉਸ ਸਮੇਂ ਤਕ ਚੁੱਕੇ ਜਾਣੇ ਚਾਹੀਦੇ ਹਨ ਜਦ ਤਕ ਵਧੇਰੇ ਆਦਰਸ਼ ਹੱਲ ਸਥਾਪਿਤ ਨਹੀਂ ਕਰ ਦਿੱਤੇ ਜਾਂਦੇ ਹਨ ਜਾਂ ਪੜਾਅਵਾਰ ਢੰਗ ਨਾਲ ਲਿਆਏ ਨਹੀਂ ਜਾਂਦੇ ਹਨ।
ਅਨੁਕੂਲਤਾ ਤਬਦੀਲੀਆਂ ਕਰਨ ਦੀਆਂ ਜੁੰਮੇਵਾਰੀਆਂ
ਅਸਮਰਥਤਾ ਵਾਲੇ ਵਿਅਕਤੀ ਦੇ ਰੂਪ ਵਿੱਚ:
- ਆਪਣੇ ਮਾਲਕ, ਯੂਨੀਅਨ, ਮਕਾਨ-ਮਾਲਕ ਜਾਂ ਸੇਵਾ ਪ੍ਰਦਾਤਾ ਨੂੰ ਦੱਸੋ ਕਿ ਤੁਹਾਡੇ ਕੰਮਾਂ, ਕਿਰਾਏਦਾਰੀ ਜਾਂ ਮੁਹੱਈਆ ਕੀਤੀਆਂ ਜਾ ਰਹੀਆਂ ਸੇਵਾਵਾਂ ਦੇ ਸਬੰਧ ਵਿੱਚ ਅਸਮਰਥਤਾ ਨਾਲ ਸਬੰਧਤ ਤੁਹਾਡੀਆਂ ਲੋੜਾਂ ਕੀ ਹਨ
- ਆਪਣੀਆਂ ਅਸਮਰਥਤਾ ਨਾਲ ਸਬੰਧਤ ਲੋੜਾਂ ਬਾਰੇ ਜਾਣਕਾਰੀ ਮੁਹੱਈਆ ਕਰੋ, ਜਿਨ੍ਹਾਂ ਵਿੱਚ ਜਿੱਥੇ ਲੋੜ ਹੋਵੇ ਡਾਕਟਰੀ ਜਾਂ ਹੋਰ ਮਾਹਿਰਾਂ ਦੀ ਰਾਇ ਸ਼ਾਮਲ ਹੈ
- ਸੰਭਾਵੀ ਅਨੁਕੂਲਤਾ ਤਬਦੀਲੀ ਦੇ ਹੱਲ ਲੱਭਣ ਵਿੱਚ ਹਿੱਸਾ ਲਵੋ।
ਰੁਜ਼ਗਾਰਦਾਤਾ, ਯੂਨੀਅਨ, ਮਕਾਨ-ਮਾਲਕ ਜਾਂ ਸੇਵਾ ਪ੍ਰਦਾਤਾ ਦੇ ਰੂਪ ਵਿੱਚ:
- ਕਰਮਚਾਰੀਆਂ, ਕਿਰਾਏਦਾਰਾਂ, ਅਤੇ ਗਾਹਕਾਂ ਦੀਆਂ ਅਨੁਕੂਲਤਾ ਤਬਦੀਲੀ ਲਈ ਬੇਨਤੀਆਂ ਨੂੰ ਚੰਗੀ ਭਾਵਨਾ ਨਾਲ ਸਵੀਕਾਰ ਕਰੋ
- ਸਿਰਫ਼ ਉਹ ਜਾਣਕਾਰੀ ਮੰਗੋ ਜੋ ਤੁਹਾਨੂੰ ਅਨੁਕੂਲਤਾ ਤਬਦੀਲੀ ਮੁਹੱਈਆ ਕਰਨ ਵਾਸਤੇ ਚਾਹੀਦੀ ਹੈ। ਉਦਾਹਰਨ ਵਾਸਤੇ, ਤੁਹਾਨੂੰ ਇਹ ਜਾਣਨ ਦੀ ਲੋੜ ਹੋਵੇਗੀ ਕਿ ਕਿਸੇ ਕਰਮਚਾਰੀ ਦੀ ਨਜ਼ਰ ਦੀ ਰੋਸ਼ਨੀ ਚਲੇ ਜਾਣ ਕਰਕੇ ਉਹ ਛਪੀ ਹੋਈ ਸਮੱਗਰੀ ਨੂੰ ਪੜ੍ਹ ਨਹੀਂ ਸਕਣਗੇ, ਪਰ ਤੁਹਾਨੂੰ ਇਹ ਜਾਣਨ ਦੀ ਲੋੜ ਨਹੀਂ ਹੈ ਕਿ ਉਹਨਾਂ ਨੂੰ ਡਾਇਬਿਟੀਜ਼ ਹੈ
- ਵਿਅਕਤੀਗਤ ਲੋੜਾਂ ਪੂਰੀਆਂ ਕਰਨ ਵਾਲੇ ਅਨੁਕੂਲਤਾ ਤਬਦੀਲੀ ਦੇ ਹੱਲ ਲੱਭਦੇ ਸਮੇਂ ਸਰਗਰਮ ਭੂਮਿਕਾ ਨਿਭਾਓ
- ਅਨੁਕੂਲਤਾ ਤਬਦੀਲੀ ਦੀਆਂ ਬੇਨਤੀਆਂ ਨਾਲ ਜਿੰਨੀ ਜਲਦੀ ਸੰਭਵ ਹੋ ਸਕੇ ਨਿਪਟੋ, ਭਾਵੇਂ ਇਸਦਾ ਮਤਲਬ ਇਹ ਹੈ ਕਿ ਕੋਈ ਲੰਮੇ-ਸਮੇਂ ਦਾ ਹੱਲ ਵਿਕਸਿਤ ਕਰਨ ਦੇ ਦੌਰਾਨ ਕੋਈ ਅਸਥਾਈ ਹੱਲ ਤਿਆਰ ਕਰਨਾ ਪਵੇਗਾ
- ਅਨੁਕੂਲਤਾ ਤਬਦੀਲੀ ਦੀ ਮੰਗ ਕਰਨ ਵਾਲੇ ਵਿਅਕਤੀ ਦੇ ਮਾਣ ਦਾ ਆਦਰ ਕਰੋ, ਅਤੇ ਜਾਣਕਾਰੀ ਨੂੰ ਗੁਪਤ ਰੱਖੋ
- ਕਿਸੇ ਵੀ ਡਾਕਟਰੀ ਜਾਂ ਹੋਰ ਮਾਹਿਰਾਂ ਦੀ ਰਾਇ ਜਾਂ ਦਸਤਾਵੇਜ਼ਾਂ ਸਮੇਤ, ਅਨੁਕੂਲਤਾ ਤਬਦੀਲੀਆਂ ਦੀਆਂ ਲਾਗਤਾਂ ਦਾ ਖਰਚਾ ਉਠਾਉ।
ਵਧੇਰੇ ਜਾਣਕਾਰੀ ਲਈ
ਓਨਟੈਰੀਓ ਹਿਊਮਨ ਰਾਈਟਸ ਕਮੀਸ਼ਨ ਦੀ ਅਸਮਰਥਤਾ ਅਤੇ ਅਨੁਕੂਲਤਾ ਤਬਦੀਲੀ ਕਰਨ ਦੇ ਫਰਜ਼ ਬਾਰੇ ਨੀਤੀ ਅਤੇ ਸੇਧਾਂ, ਕੰਮ ਦੇ ਸਥਾਨ ਤੇ ਮਨੁੱਖੀ ਹੱਕ (Policy and Guidelines on Disability and the Duty to Accommodate, Human Rights at Work), ਤੇ ਨਾਲ ਹੀ ਸਿੱਖਿਆ, ਰੇਸਤਰਾਂ, ਇਮਾਰਤਾਂ ਲਈ ਨਿਯਮ, ਜਨਤਕ ਆਵਾਜਾਈ ਅਤੇ ਬਜ਼ੁਰਗ ਵਿਅਕਤੀਆਂ ਦੇ ਖੇਤਰਾਂ ਵਿੱਚ ਅਸਮਰਥਤਾ ਦੇ ਮੁੱਦਿਆਂ ਵੱਲ ਧਿਆਨ ਦੇਣ ਵਾਲੀਆਂ ਹੋਰ ਨੀਤੀਆਂ, ਸੇਧਾਂ, ਰਿਪੋਰਟਾਂ ਅਤੇ ਬੇਨਤੀਆਂ ਦੇਖੋ। ਇਹ ਸਾਰੇ OHRC ਦੀ ਵੈਬਸਾਈਟ www.ohrc.on.ca ਤੇ ਉਪਲਬਧ ਹਨ।
ਨੀਤੀ ਅਤੇ ਇਹ ਬ੍ਰੋਸ਼ਰ ਅਸਮਰਥਤਾਵਾਂ ਵਾਲੇ ਵਿਅਕਤੀਆਂ ਦੇ ਹੱਕਾਂ ਬਾਰੇ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ (United Nations Convention on the Rights of Persons with Disabilities - CRPD) ਦੀ ਪਾਲਣ ਕਰਦਾ ਹੈ। ਵਧੇਰੇ ਜਾਣਕਾਰੀ ਲਈ, ਇਸ ਵੈਬਸਾਈਟ 'ਤੇ ਜਾਓ: www.un.org/disabilities.
ਕੋਈ ਸ਼ਿਕਾਇਤ - ਜਿਸਨੂੰ ਦਰਖਾਸਤ ਕਿਹਾ ਜਾਂਦਾ ਹੈ - ਕਰਨ ਲਈ ਓਨਟੈਰੀਓ ਦੇ ਹਿਊਮਨ ਰਾਈਟਸ ਟ੍ਰਿਬਿਊਨਲ (Human Rights Tribunal) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-598-0322
TTY ਟੋਲ ਫ਼੍ਰੀ: 1-866-607-1240
ਵੈਬਸਾਈਟ: www.hrto.ca
ਜੇ ਤੁਹਾਨੂੰ ਕਾਨੂੰਨੀ ਮਦਦ ਦੀ ਲੋੜ ਹੈ, ਤਾਂ ਹਿਊਮਨ ਰਾਈਟਸ ਦੇ ਲੀਗਲ ਸਪੋਰਟ ਸੈਂਟਰ (ਕਾਨੂੰਨੀ ਸਹਾਇਤਾ ਕੇਂਦਰ) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-625-5179
TTY ਟੋਲ ਫ਼੍ਰੀ: 1-866-612-8627
ਵੈਬਸਾਈਟ: www.hrlsc.on.ca